ਕਿਸਾਨ ਕਣਕ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਓ ਲਈ ਖੇਤਾਂ ਦਾ ਕਰਨ ਸਰਵੇਖਣ- ਮੁੱਖ ਖੇਤੀਬਾੜੀ ਅਫ਼ਸਰ

ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਣਕ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਓ ਲਈ ਖੇਤਾਂ ਦਾ ਸਰਵੇਖਣ ਕਰਨ ਲਈ 22 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਰੋਜ਼ਾਨਾ ਕਣਕ ਦੀ ਫ਼ਸਲ ਦਾ ਸਰਵੇਖਣ ਕਰ ਰਹੀਆਂ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਣਕ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਓ ਲਈ ਖੇਤਾਂ ਦਾ ਸਰਵੇਖਣ ਕਰਨ ਲਈ 22 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਸ਼੍ਰੀ ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਨੇ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੱਧਰ ਤੇ 1, ਬਲਾਕ ਪੱਧਰ ਤੇ 4 ਅਤੇ ਸਰਕਲ ਪੱਧਰ ਤੇ 22ਟੀਮਾਂ ਦਾ ਗਠਨ ਕੀਤਾ ਗਿਆ ਹੈ, ਇਹ ਟੀਮਾਂ ਰੋਜ਼ਾਨਾ ਕਣਕ ਦੀ ਫ਼ਸਲ ਦਾ ਸਰਵੇਖਣ ਕਰ ਰਹੀਆਂ ਹਨ। ਇਸੇ ਦੀ ਲਗਾਤਾਰਤਾ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਭੁੱਲਰ, ਦੋਦਾ, ਲੁਹਾਰਾ, ਸੁਖਨਾ ਅਬਲੂ ਅਤੇ ਚੋਟੀਆਂ ਦੇ ਵੱਖ-ਵੱਖ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਚੋਟੀਆਂ ਦੇ ਕਿਸਾਨ ਪਰਮਿੰਦਰ ਸਿੰਘ ਪੁੱਤਰ ਸ਼੍ਰੀ ਦਰਸ਼ਨ ਸਿੰਘ ਦੇ ਖੇਤ ਦਾ ਸਰਵੇਖਣ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਕਿਸਾਨ ਵੱਲੋ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਉਪਰੰਤ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਦਬਾਕੇ ਕਣਕ ਦੀ ਬਿਜਾਈ ਕੀਤੀ ਗਈ ਹੈ।

ਕਿਸਾਨ ਨੇ ਦੱਸਿਆ ਕਿ ਉਸਨੇ ਇੱਕ ਖੇਤ ਵਿੱਚ ਰੌਣੀ ਕਰਕੇ ਅਤੇ ਦੂਜੇ ਪਾਸੇ ਸੁੱਕੇ ਖੇਤ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ। ਇਨਾਂ ਖੇਤਾਂ ਵਿੱਚ ਇਹ ਦੇਖਣ ਵਿੱਚ ਆਇਆ ਕਿ ਜਿਸ ਖੇਤ ਵਿੱਚ ਰੌਣੀ ਕਰਕੇ ਗਿਲ ਵੱਤਰ ਤੇ ਕਣਕ ਦੀ ਬਿਜਾਈ ਕੀਤੀ ਗਈ ਉਸ ਖੇਤ ਵਿੱਚ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਗਿਆ ਅਤੇ ਇਸ ਖੇਤ ਵਿੱਚ ਪੀ.ਏ.ਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਸਪਰੇ ਕਰਵਾਈ ਗਈ, ਹੁਣ ਗੁਲਾਬੀ ਸੁੰਡੀ ਦਾ ਹਮਲਾ ਕੰਟਰੋਲ ਵਿੱਚ ਹੈ। ਜੇਕਰ ਕਣਕ ਦੀ ਫ਼ਸਲ ਵਿੱਚ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਪੀ.ਏ.ਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਜਿਵੇਂ ਕਿ 50 ਮਿ.ਲੀ ਪ੍ਰਤੀ ਏਕੜ ਕੋਰਾਜ਼ਨ 18.5 ਪ੍ਰਤੀਸ਼ਤ ਐੱਸ.ਸੀ (ਕਲੋਰਐਟਰਾਨਿਲੀਪਰੋਲ), ਇੱਕ ਲੀਟਰ ਕਲੋਰੋਪਾਇਰੀਫਾਸ 20 ਪ੍ਰੀਤਸ਼ਤ ਈ.ਸੀ ਨੂੰ 80 ਤੋਂ 100 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰਨ ਜਾਂ 7 ਕਿ.ਗ੍ਰਾ ਫਿਪਰੋਨਿਲ 0.3 ਪ੍ਰਤੀਸ਼ਤ ਨੂੰ 20 ਕਿ.ਗ੍ਰਾ ਮਿੱਟੀ ਵਿੱਚ ਰਲਾ ਕੇ ਪਹਿਲੇ ਪਾਣੀ ਤੋਂ ਪਹਿਲਾ ਛਿੜਕਾਅ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

Author : Malout Live