ਮਲੋਟ ਵਿੱਚ ਸਾਫ ਨਹਿਰੀ ਪਾਣੀ ਦੀ ਸਪਲਾਈ ਜਲਦ ਸ਼ੁਰੂ ਨਾ ਕਰਨ ਸੰਬੰਧੀ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨੇ ਦਿੱਤੀ ਧਰਨੇ ਦੀ ਚੇਤਾਵਨੀ
ਮਲੋਟ: ਮਲੋਟ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸ਼ਹਿਰ ਦੇ ਲੋਕਾਂ ਨੂੰ ਵਾਟਰ ਵਰਕਸ ਮਹਿਕਮੇ ਵੱਲੋਂ ਸ਼ੋਰੇ ਵਾਲਾ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ। ਜੋ ਪਾਣੀ ਲੋਕਾਂ ਦੇ ਘਰਾਂ ਤੱਕ ਸਪਲਾਈ ਹੋ ਰਿਹਾ ਹੈ, ਉਸ ਵਿੱਚ TDS (ਟੋਟਲ ਡਿਜੋਲਟ ਸੋਲੇਟ) ਦੀ ਮਾਤਰਾ ਬਹੁਤ ਜ਼ਿਆਦਾ ਆ ਰਹੀ ਹੈ, ਜੋ ਕਿ ਇਨਸਾਨ ਦੇ ਸਰੀਰ ਵਿੱਚ ਭਿਆਨਕ ਬਿਮਾਰੀਆ ਦਾ ਕਾਰਨ ਬਣਦਾ ਹੈ। ਸ਼ੋਰੇ ਵਾਲਾ ਪਾਣੀ ਹੀ ਕੈਂਸਰ ਅਤੇ ਗੋਡਿਆਂ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਹੈ, ਜੋ ਅੱਜ-ਕੱਲ ਸ਼ਹਿਰ ਦੇ ਲੋਕਾਂ ਨੂੰ ਹੋ ਰਹੀਆਂ ਹਨ।
ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਸਿਰਫ ਨਹਿਰ ਬੰਦੀ ਸਮੇਂ ਜ਼ਮੀਨ ਦੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ, ਪਰ ਹੁਣ ਤਾਂ ਇੱਕ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ, ਲਗਾਤਾਰ ਜ਼ਮੀਨੀ ਸ਼ੋਰੇ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ,ਜੋ ਕਿ ਲੋਕਾਂ ਵਾਸਤੇ ਬਹੁਤ ਹੀ ਨੁਕਸਾਨਦਾਇਕ ਹੈ। ਪ੍ਰਧਾਨ ਨੇ ਕਿਹਾ ਕਿ ਚੰਦ ਲੋਕਾਂ ਨੂੰ ਛੱਡ ਕੇ ਬਹੁਤ ਸਾਰੇ ਆਰਥਿਕ ਪੱਖੋਂ ਕਮਜ਼ੋਰ ਲੋਕ ਇਸ ਪਾਣੀ ਨੂੰ ਪੀਣ ਨੂੰ ਮਜ਼ਬੂਰ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਲਦੀ ਤੋਂ ਜਲਦੀ ਮੌਜੂਦਾ ਸਰਕਾਰ ਨੂੰ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਵਾਟਰ ਸਪਲਾਈ ਮਹਿਕਮੇ ਨਾਲ ਰਾਬਤਾ ਜੋੜ ਕੇ ਲੋਕਾਂ ਤੱਕ ਸਾਫ਼ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਜਾਵੇ, ਨਹੀਂ ਤਾਂ ਕਾਂਗਰਸ ਪਾਰਟੀ ਵੱਲੋਂ ਵਾਟਰ ਸਪਲਾਈ ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ। Author: Malout Live