ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ ਯੱਕਮੁਸ਼ਤ OTS ਦੀ ਮਿਆਦ ਨੂੰ 24 ਨਵੰਬਰ 2023 ਤੱਕ ਵਧਾਇਆ
ਮਲੋਟ: ਹਰਭਜਨ ਸਿੰਘ ਈ.ਟੀ.ਓ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਦੱਸਿਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 25 ਮਈ ਤੋਂ ਸ਼ੁਰੂ ਕੀਤੀ ਯੱਕਮੁਸ਼ਤ ਨਿਬੇੜਾ ਸਕੀਮ (ਓ.ਟੀ.ਐੱਸ) ਦੀ ਮਿਆਦ ਨੂੰ 24 ਨਵੰਬਰ 2023 ਤੱਕ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ ਹਰ ਵਰਗ ਦੇ ਬਿਜਲੀ ਖਪਤਕਾਰਾਂ (ਏ.ਪੀ ਖਪਤਕਾਰਾਂ) ਨੂੰ ਛੱਡ ਕੇ ਲਈ ਜਾਰੀ ਰਹੇਗੀ। ਬਿਜਲੀ ਮੰਤਰੀ ਨੇ ਕਿਹਾ ਕਿ ਇਸ ਓ.ਟੀ.ਐੱਸ ਸਕੀਮ ਅਧੀਨ ਬਿੱਲਾਂ ਦੀ ਬਕਾਇਆ ਰਹਿੰਦੀ ਡਿਫਾਲਟਿੰਗ ਰਕਮ ਉੱਪਰ ਦੇਰੀ ਨਾਲ ਅਦਾਇਗੀ ਉੱਤੇ ਵਿਆਜ 9 ਫੀਸਦੀ ਦੀ ਸਾਧਾਰਨ ਦਰ ਦੇ ਹਿਸਾਬ ਨਾਲ ਲਿਆ ਜਾਵੇਗਾ, ਜਦਕਿ ਪਹਿਲਾਂ ਬਿੱਲਾਂ ਦੀ ਬਕਾਇਆ ਰਹਿੰਦੀ ਡਿਫਾਲਟਿੰਗ ਰਕਮ ਉਪਰ ਲੇਟ
ਅਦਾਇਗੀ ਉੱਤੇ 18 ਫੀਸਦੀ ਕੰਪਾਊਂਡਿਡ ਦੇ ਹਿਸਾਬ ਨਾਲ ਵਿਆਜ ਲਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਕੁਨੈਕਸ਼ਨ ਕੱਟਣ ਦੀ ਮਿਤੀ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਛੇ ਮਹੀਨੇ ਜਾਂ ਇਸ ਤੋਂ ਘੱਟ ਹੈ ਤਾਂ ਕੋਈ ਵੀ ਫਿਕਸਡ ਚਾਰਜਿਜ਼ ਨਹੀਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੁਨੈਕਸ਼ਨ ਕੱਟਣ ਦੀ ਮਿਤੀ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਛੇ ਮਹੀਨੇ ਜਾਂ ਇਸ ਤੋਂ ਵੱਧ ਹੈ ਤਾਂ ਫਿਕਸਡ ਚਾਰਜਿਜ਼ ਸਿਰਫ ਛੇ ਮਹੀਨਿਆਂ ਲਈ ਹੀ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਵਿੱਚ ਖਪਤਕਾਰ ਵੱਲੋਂ ਬਕਾਇਆ ਰਕਮ ਨੂੰ ਇਕ ਸਾਲ ਦੇ ਅੰਦਰ ਚਾਰ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਇਆ ਜਾ ਸਕੇਗਾ, ਜਦਕਿ ਪਹਿਲਾਂ ਅਜਿਹੀ ਕੋਈ ਸਹੂਲਤ ਨਹੀਂ ਸੀ। ਉਨ੍ਹਾਂ ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖਪਤਕਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ। Author: Malout Live