ਵੜਿੰਗ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਭਾਕਿਯੂ (ਸਿੱਧੂਪੁਰ) ਦੇ ਸੰਘਰਸ਼ ਦੀ 12 ਟੈਕਸੀ ਯੂਨੀਅਨਾਂ ਵੱਲੋਂ ਹਮਾਇਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ 'ਤੇ ਚੱਲ ਰਹੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਟੋਲ ਪਲਾਜ਼ਾ 'ਤੇ ਧਰਨਾ ਦਿੱਤਾ ਗਿਆ ਸੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਉਹ ਟੋਲ ਪਲਾਜ਼ਾ ਸ਼ਰਤਾਂ ਪੂਰੀਆਂ ਨਹੀਂ ਕਰਦਾ। ਇਸ ਮਗਰੋਂ ਭਾਕਿਯੂ ਏਕਤਾ (ਸਿੱਧੂਪੁਰ) ਵੱਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਸਿੰਘ ਜੱਸੇਆਣਾ ਅਤੇ ਪਿੰਡ ਖੋਖਰ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਕੋਈ ਸ਼ਰਤਾਂ ਪੂਰੀਆਂ ਨਹੀਂ ਕਰਦਾ ਅਤੇ ਇਸ ਸੜਕ 'ਤੇ ਬਣੇ ਨਹਿਰੀ ਪੁਲ ਨੂੰ ਵੀ ਸ਼ਰਤਾਂ ਮੁਤਾਬਿਕ ਨਹੀਂ ਬਣਾਇਆ ਗਿਆ ਤੇ ਹੋਰ ਬਹੁਤ ਖਾਮੀਆਂ ਹਨ। ਇਨ੍ਹਾਂ ਖਾਮੀਆਂ ਨੂੰ ਦੂਰ ਕਰਕੇ ਤੇ ਸ਼ਰਤਾਂ ਪੂਰੀਆਂ ਕਰਕੇ ਟੋਲ ਪਲਾਜ਼ਾ ਚਲਾਉਣਾ ਚਾਹੀਦਾ ਸੀ, ਪਰ ਹੁਣ ਬਗੈਰ ਸ਼ਰਤਾਂ ਤੋਂ ਚੱਲ ਰਿਹਾ ਟੋਲ ਪਲਾਜ਼ਾ ਲੋਕਾਂ ਦੀ ਆਰਥਿਕ ਲੁੱਟ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਬੰਦ ਕਰਵਾਉਣ ਲਈ ਹੋਰ ਯੂਨੀਅਨਾਂ ਵੀ ਹਮਾਇਤ 'ਤੇ ਆਈਆਂ ਹਨ। ਇਸ ਮੌਕੇ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸ਼ਰਮਾ ਦੱਦਾਹੂਰ ਨੇ ਦੱਸਿਆ ਕਿ ਇਸ ਸੰਘਰਸ਼ ਦੀ ਸ਼ਹਿਰ ਦੀਆਂ 12 ਯੂਨੀਅਨ ਤੇ ਸਮਾਜ ਸੇਵੀ ਜੱਥੇਬੰਦੀਆਂ ਨੇ ਹਮਾਇਤ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਬਾਅਦ ਦੀ ਸੂਚਨਾ ਅਨੁਸਾਰ ਭਾਕਿਯੂ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਭਾਈ ਮਹਾਂਸਿੰਘ ਦੀਵਾਨ ਹਾਲ ਵਿਖੇ ਮੀਟਿੰਗ 'ਚ ਪਹੁੰਚੇ ਹਨ, ਜੋ ਟੋਲ ਪਲਾਜ਼ਾ ਸਮੇਤ ਵੱਖ-ਵੱਖ ਮੁੱਦਿਆਂ 'ਤੇ ਜ਼ਿਲ੍ਹੇ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ। Author: Malout Live