ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨਗਰ ਨਿਗਮਾਂ ਦੇ ਅਧਿਕਾਰੀਆਂ ਲਈ ਜਾਰੀ ਕਰ ਦਿੱਤੇ ਇਹ ਹੁਕਮ
ਮਲੋਟ (ਪੰਜਾਬ): ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਏ ਅਤੇ ਬੀ ਕੈਟਾਗਰੀ ਦੇ ਸਰਕਾਰੀ ਅਧਿਕਾਰੀਆਂ ਤੋਂ ਉਹਨਾਂ ਦੀ ਜਾਇਦਾਦ ਦੀ ਰਿਟਰਨ ਦੇ ਵੇਰਵੇ ਮੰਗੇ ਹਨ ਅਤੇ ਅਧਿਕਾਰੀਆਂ ਨੂੰ ਉਹਨਾਂ ਦੀ ਜਾਇਦਾਦ ਬਾਰੇ ਮੁਕੰਮਲ ਜਾਣਕਾਰੀ ਪੰਜਾਬ ਸਰਕਾਰ ਨੂੰ ਭੇਜਣ ਦੇ ਹੁਕਮ ਦਿੱਤੇ ਹਨ। ਇਸ ਤਹਿਤ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਸੂਬੇ ਦੀਆਂ ਸਾਰੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨੂੰ ਪੱਤਰ ਜਾਰੀ ਕਰ ਕੇ ਆਪਣੇ ਏ ਅਤੇ ਬੀ ਸ਼੍ਰੇਣੀ ਦੇ ਅਧਿਕਾਰੀਆਂ ਦੀ ਜਾਇਦਾਦ ਬਾਰੇ ਜਾਣਕਾਰੀ ਮੰਗੀ ਹੈ। ਪੱਤਰ ਅਨੁਸਾਰ ਨਗਰ ਨਿਗਮ ਦੀ ਬੀ &ਆਰ.ਓ, ਐਂਡ.ਐੱਮ, ਬਿਲਡਿੰਗ ਬ੍ਰਾਂਚ, ਬਾਗਬਾਨੀ, ਟੈਕਸ, ਤਹਿਬਾਜ਼ਾਰੀ, ਅਮਲਾ ਬ੍ਰਾਂਚ ਸਮੇਤ ਨਿਗਮ 'ਚ ਕੰਮ ਕਰਦੇ ਸਾਰੇ ਐੱਸ.ਈ, ਐਕਸੀਅਨ, ਐੱਸ.ਡੀ.ਓ, ਜੇ.ਈ, ਸਕੱਤਰ, ਸੁਪਰੀਡੈਂਟ ਅਤੇ ਇੰਸਪੈਕਟਰਾਂ ਦੀਆਂ ਜਾਇਦਾਦਾਂ ਦੀਆਂ ਰਿਟਰਨਾਂ ਰਿਕਾਰਡ ਕਰਦੇ ਹੋਏ ਅਗਲੇ 15 ਦਿਨਾਂ ਦੇ ਅੰਦਰ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਇਹ ਰਿਕਾਰਡ ਨਾ ਦੇਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਵਾਂ ਦੀ ਸੂਚੀ ਭੇਜਣ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਉਹਨਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਅਜਿਹਾ ਨਾ ਕਰਨ 'ਤੇ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਭਾਗ ਨੇ ਅਧਿਕਾਰੀਆਂ-ਮੁਲਾਜ਼ਮਾਂ ਦੀਆਂ ਜਾਇਦਾਦਾਂ ਦੀਆਂ ਰਿਟਰਨਾਂ ਦੀ ਜਾਣਕਾਰੀ ਵੈੱਬ ਪੋਰਟਲ (ਆਈ.ਐੱਚ.ਆਰ.ਐੱਮ.ਐੱਸ) 'ਤੇ ਅਪਲੋਡ ਕਰਨ ਦੇ ਹੁਕਮ ਦਿੱਤੇ ਹਨ। Author: Malout Live