ਕੋਆਪਰੇਟਿਵ ਬੈਂਕ ਡੇਲੀਵੇਜਿਜ਼ ਇੰਪਲਾਈਜ਼ ਯੂਨੀਅਨ ਨੇ ਵਿਧਾਇਕ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤਾ ਮੰਗ ਪੱਤਰ

ਮਲੋਟ: ਕੋਆਪ੍ਰੇਟਿਵ ਬੈਂਕ ਡੇਲੀਵੇਜਿਜ਼ ਇੰਪਲਾਇਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰਧਾਨ ਵਿਕਰਮ ਸਿੰਘ ਦੀ ਅਗਵਾਈ ਹੇਠ ਲੰਬੀ ਹਲਕੇ ਦੇ ਵਿਧਾਇਕ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ 'ਤੇ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਕਿ ਰਾਜ ਦੇ ਵੱਖ-ਵੱਖ ਜਿਲ੍ਹਿਆਂ, ਕੋਆਪ੍ਰੇਟਿਵ ਬੈਂਕਾਂ ਵਿੱਚ ਸੇਵਾਦਾਰ ਦੀਆਂ ਅਸਾਮੀਆਂ ਲਈ ਕੰਮ ਕਰ ਰਹੇ ਡੇਲੀਵੇਜ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਮੰਗ ਪੱਤਰ ਵਿੱਚ ਕਿਹਾ ਕਿ ਉਹ ਦਿਨ ਭਰ ਰੈਗੂਲਰ ਸਟਾਫ਼ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਕਿਸੇ ਵੀ ਜ਼ਿਲ੍ਹੇ ਵਿੱਚ ਡੇਲੀਵੇਜਿਜ਼ ਸਵੀਪਰਾਂ ਨੂੰ ਪੂਰਾ ਡੀ.ਸੀ ਰੇਟ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਨਹੀਂ ਦਿਤਾ ਜਾਂਦਾ। ਉਹ ਘੱਟ ਤਨਖਾਹਾਂ ਨਾਲ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਨਾਲ ਕਰਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਕੋਆਪ੍ਰੇਟਿਵ ਬੈਂਕ ਬ੍ਰਾਂਚਾਂ ਵਿੱਚ ਰੈਗੂਲਰ ਸਟਾਫ਼ ਦੀ ਬਹੁਤ ਵੱਡੀ ਘਾਟ ਹੈ ਅਤੇ ਰੈਗੂਲਰ ਸੇਵਾਦਾਰ-ਕਮ-ਚੌਂਕੀਦਾਰ ਦੀ 1987 ਤੋਂ ਬਾਅਦ ਭਰਤੀ ਵੀ ਨਹੀਂ ਹੋਈ ਹੈ। ਜਿਵੇਂ-ਜਿਵੇਂ ਰੈਗੂਲਰ ਸੇਵਾਦਾਰ ਸੇਵਾਮੁਕਤ ਹੁੰਦੇ ਗਏ ਉਹਨਾਂ ਦੀ ਜਗ੍ਹਾ ਤੇ ਸਾਨੂੰ ਕੱਚੇ ਸੇਵਾਦਾਰ ਰੱਖ ਲਿਆ ਗਿਆ ਸੀ। ਇਹਨਾਂ ਮੁਲਾਜਮਾਂ ਨੂੰ ਪੱਕੇ ਹੋਣ ਦੀ ਉਮੀਦ ਵਿੱਚ 15 ਤੋਂ 20 ਸਾਲ ਬੀਤ ਚੁੱਕੇ ਹਨ। ਇਹ ਮੁਲਾਜਮ ਅਨਪੜ੍ਹ ਤੋਂ ਲੈ ਕੇ ਬੀ.ਏ ਤੱਕ ਦੀ ਯੋਗਤਾ ਰੱਖਦੇ ਹਨ ਅਤੇ ਆਪਣੀਆਂ ਸੇਵਾਵਾਂ ਬੜੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਰੈਗੂਲਰ ਕਰਨ ਨਾਲ ਸਰਕਾਰ ਦੇ ਖਜਾਨੇ ਤੇ ਕੋਈ ਵਿੱਤੀ ਬੋਝ ਵੀ ਨਹੀਂ ਪੈਂਦਾ। ਇਸ ਲਈ ਸਾਨੂੰ ਪੱਕੇ ਕਰਨ ਦੀ ਮੌਜੂਦਾ ਨੀਤੀ ਵਿੱਚ ਲਿਆ ਜਾਵੇ ਅਤੇ ਸੇਵਾਦਾਰ-ਕਮ-ਚੌਂਕੀਦਾਰ ਦੀਆਂ ਖਾਲੀ ਪਈਆ ਆਸਾਮੀਆਂ ਉੱਪਰ ਰੈਗੂਲਰ ਕੀਤਾ ਜਾਵੇ, ਜਿਹੜੇ ਡੇਲੀਵਿਜਜ਼ ਮੁਲਾਜ਼ਮ ਇਸ ਪਾਲਿਸੀ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਰੈਗੂਲਰ ਕਰਨ ਲਈ ਬਿਨ੍ਹਾਂ ਸਮਾਂ ਸ਼ਰਤ ਨਵੀਂ ਪਾਲਿਸੀ ਬਣਾਈ ਜਾਵੇ। Author: Malout Live