ਪਾਵਰਕਾਮ ਮੰਡਲ ਮਲੋਟ ਦਫਤਰ ਦੇ ਬਾਹਰ ਬਿਜਲੀ ਕਾਮਿਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਆਪਣੀਆਂ ਹੱਕਂ ਮੰਗਾਂ ਅਤੇ ਸਹਾਇਕ ਲਾਇਨਮੈਨਾਂ ਵਿਰੁੱਧ ਦਰਜ ਮਾਮਲਿਆਂ ਦੇ ਵਿਰੋਧ ਵਿੱਚ ਬਿਜਲੀ ਕਾਮਿਆਂ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਪਾਵਰਕਾਮ ਮੰਡਲ ਮਲੋਟ ਦਫਤਰ ਦੇ ਬਾਹਰ ਇੱਕ ਗੇਟ ਰੈਲੀ ਕੀਤੀ ਗਈ। ਇਸ ਮੌਕੇ ਟੀ.ਐੱਸ.ਯੂ, ਟੀ.ਐੱਸ.ਯੂ (ਭੰਗਾਲ ਗਰੁੱਪ) ਇੰਪਲਾਈਜ਼ ਫੈੱਡਰੇਸ਼ਨ, ਪੀ.ਐੱਸ.ਈ.ਬੀ ਪੈਨਸ਼ਨਰਜ਼ ਐਸੋਸੀਏਸ਼ਨ ਸਮੇਤ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁਲਾਜ਼ਮ ਜੱਥੇਬੰਦੀਆਂ ਨੇ ਸਰਕਾਰ ਦਾ ਪੁਤਲਾ ਫੂਕਿਆ। ਇਸ ਦੌਰਾਨ ਆਗੂਆਂ ਨੇ ਸੀ.ਆਰ.ਏ. 295/19 ਰਾਹੀਂ ਭਰਤੀ ਕੀਤੇ ਸਹਾਇਕ ਲਾਇਨਮੈਨਾਂ ਵਿਰੁੱਧ ਦਰਜ ਮੁਕੱਦਮਿਆਂ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਦਰਜ ਝੂਠੇ ਮੁਕੱਦਮੇ ਰੱਦ ਕੀਤੇ ਜਾਣ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਹਜਾਰਾਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ। ਆਊਟਸੋਰਸਿੰਗ ਅਤੇ ਠੇਕੇਦਾਰੀ ਰਾਹੀਂ ਭਰਤੀ ਕੱਚੇ ਕਾਮਿਆਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਅਤੇ ਕੱਚੇ ਕਾਮਿਆਂ ਦੀ ਛਾਂਟੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਸੀ.ਆਰ.ਏ. 295/19 ਰਾਹੀਂ ਭਰਤੀ ਕੀਤੇ ਸਹਾਇਕ ਲਾਇਨਮੈਨ ਸਾਥੀਆਂ ਨਾਲ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਪ੍ਰਸ਼ਾਸਨ ਵੱਲੋਂ ਬਹੁਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਲਾਇਨਮੈਨ ਦੀ ਯੋਗਤਾ ਰੱਖਣ ਵਾਲੇ ਸਾਥੀਆਂ ਨੂੰ ਸਹਾਇਕ ਲਾਇਨਮੈਨ ਰੱਖਿਆ ਗਿਆ, ਉਨ੍ਹਾਂ ਦੇ ਭਰਤੀ ਨਿਯਮਾਂ ਵਿੱਚ ਸੋਧ ਕੀਤੀ ਗਈ, ਤਜਰਬਾ ਸਰਟੀਫਿਕੇਟ ਭਰਤੀ ਵਿਭਾਗ ਤੋਂ ਅਤੇ ਕਮੇਟੀ ਤੋਂ ਚੈੱਕ ਕਰਵਾਉਣ ਦੇ ਆਧਾਰ 'ਤੇ ਭਰਤੀ ਕਰਨ ਉਪਰੰਤ ਤਿੰਨ ਸਾਲ ਕੰਮ ਕਰਵਾ ਕੇ ਹੁਣ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਕੇ ਰੋਜ਼ਗਾਰ ਖੋਹਣ ਦੀ ਸਾਜਿਸ਼ ਕੀਤੀ ਗਈ ਹੈ। ਇਨ੍ਹਾਂ ਸਾਥੀਆਂ ਖਿਲਾਫ਼ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦਾ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ, ਜਦ ਕਿ ਇਹ ਭਰਤੀ ਤੇ ਨਿਯਮਾਂ ਵਿੱਚ ਢਿੱਲ ਸਰਕਾਰ ਤੇ ਮੈਨੇਜਮੈਂਟ ਵੱਲੋਂ ਹੀ ਦਿੱਤੀ ਗਈ ਸੀ। ਇਸ ਲਈ ਜੁਆਇੰਟ ਫੋਰਮ ਵੱਲੋਂ ਇਨ੍ਹਾਂ ਸਾਥੀਆਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੱਚੇ ਕਾਮਿਆਂ ਨੂੰ ਪੱਕੇ ਕਰਾਉਣ ਲਈ ਪਹਿਲੀਆਂ ਸੇਵਾ ਸ਼ਰਤਾਂ ਦੀ ਰਾਖੀ ਲਈ ਵਿਸ਼ਾਲ ਏਕਤਾ ਉਸਾਰ ਕੇ ਸੰਘਰਸ਼ ਕੀਤਾ ਜਾਵੇਗਾ। Author: Malout Live