ਹਲਕਾਅ ਘਾਤਕ ਅਤੇ ਜਾਨਲੇਵਾ ਬਿਮਾਰੀ ਹੈ, ਪਰ ਇਸ ਤੋਂ ਪੂਰਣ ਬਚਾਅ ਕੀਤਾ ਜਾ ਸਕਦਾ ਹੈ- ਡਾ. ਤੇਜਵੰਤ ਸਿੰਘ ਢਿੱਲੋਂ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਹਲਕਾਅ ਘਾਤਕ ਅਤੇ ਜਾਨਲੇਵਾ ਬਿਮਾਰੀ ਹੈ, ਪਰ ਇਸ ਤੋਂ ਪੂਰਣ ਬਚਾਅ ਕੀਤਾ ਜਾ ਸਕਦਾ ਹੈ। ਰੇਬੀਜ਼ ਤੋਂ ਬਚਾਅ, ਇਲਾਜ ਅਤੇ ਟੀਕਾਕਰਣ ਸੰਬੰਧੀ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। 2030 ਤੱਕ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜ਼ੀਰੋ ਕਰਨ ਦੇ ਟੀਚੇ ਨਾਲ ਸਿਹਤ ਵਿਭਾਗ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜਨਤਕ ਥਾਵਾਂ, ਸਿਹਤ ਸੰਸਥਾਵਾਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਸਮਾਗਮ ਕਰਵਾ ਕੇ ਜਾਗਰੂਕ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਭਾਰਤ ਵਿੱਚ ਹਰੇਕ ਸਾਲ ਰੇਬੀਜ਼ ਨਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਇਹ ਬਿਮਾਰੀ ਕੁੱਤਾ, ਖਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਉਹਨਾਂ ਕਿਹਾ ਕਿ ਜਾਨਵਰਾਂ ਦੇ ਵੱਢੇ, ਚੱਟੇ, ਝਰੀਟਾਂ, ਜਖ਼ਮਾਂ ਨੂੰ ਨਜ਼ਰਅੰਦਾਜ਼ ਨਾ ਕਰੋ ਬਲਕਿ ਜਖ਼ਮ ਨੂੰ ਵਗਦੇ ਪਾਣੀ ਵਿੱਚ 15 ਮਿੰਟ ਤੱਕ ਸਾਬਣ ਪਾਣੀ ਨਾਲ ਤੁਰੰਤ ਧੋਵੋ, ਮੌਕੇ ਤੇ ਮੌਜੂਦ ਆਇਓਡੀਨ, ਅਲਕੋਹਲ ਜਾਂ ਸਪਿਰਿਟ ਜਾਂ ਘਰ ਵਿੱਚ ਉਪਲਬਧ ਐਂਟੀਸੈਪਟਿਕ ਲਗਾਓ। ਜਖ਼ਮ ਤੇ ਮਿਰਚ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ ਬਲਕਿ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਨਾਲ ਸੰਪਰਕ ਕਰੋ ਅਤੇ ਤੁਰੰਤ ਬਾਅਦ ਸਮੇਂ ਸਿਰ ਆਪਣਾ ਰੇਬੀਜ਼ ਦਾ ਸੰਪੂਰਨ ਟੀਕਾਕਰਣ ਕਰਵਾਓ। ਸਰਕਾਰੀ ਹਸਪਤਾਲਾਂ, ਸੀ.ਐਚ.ਸੀਜ਼. ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। Author : Malout Live