ਕਿਸੇ ਵੀ ਤਰ੍ਹਾਂ ਦਾ ਤੰਬਾਕੂ ਛੱਡਣ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਤੰਬਾਕੂ ਛੁਡਾਉ ਕੇਂਦਰ ਨਾਲ ਸੰਪਰਕ ਕਰੋ- ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਤੰਬਾਕੂ ਕੰਟਰੋਲ ਐਕਟ ਸੰਬੰਧੀ ਜਾਗਰੂਕ ਕਰਨ ਲਈ ਡਾ. ਰੰਜੂ ਸਿੰਗਲ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਸੰਬੰਧੀ ਜਾਗਰੂਕਤਾ ਬੈਨਰ ਸਿਵਿਲ ਸਰਜਨ ਵਿਖੇ ਜਾਰੀ ਕੀਤੇ ਗਏ। ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਵਿਚ ਤੰਬਾਕੂ ਕੰਟਰੋਲ ਐਕਟ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਦਫਤਰਾਂ, ਪ੍ਰਾਈਵੇਟ ਅਦਾਰਿਆਂ, ਦੁਕਾਨਾਂ ਅਤੇ ਪਬਲਿਕ ਸਥਾਨਾਂ ਦੀ ਸਮੇਂ-ਸਮੇਂ ਇੰਸਪੈਕਸ਼ਨ ਕੀਤੀ ਜਾਂਦੀ ਹੈ ਅਤੇ ਜਿੱਥੇ ਕਿਤੇ ਵੀ ਕੋਟਪਾ ਐਕਟ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਰੂਲਾਂ ਅਨੁਸਾਰ ਜੁਰਮਾਨਾ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੇ ਸੇਵਨ ਕਰਨ ਨਾਲ ਸਾਹ, ਦਮਾ, ਚਮੜੀ ਰੋਗ, ਬਲੱਡ ਪ੍ਰੈਸ਼ਰ,ਹਾਰਟ ਅਟੈਕ, ਸ਼ੂਗਰ, ਦਿਮਾਗੀ ਰੋਗ, ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ, ਗਰਭ ਦੋਰਾਨ ਪਲ ਰਹੇ ਬੱਚੇ ਵਿੱਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਤੋਂ ਇਲਾਵਾ ਸਿਗਰਟ ਬੀੜੀ ਪੀਣ ਵਾਲਾ ਵਿਅਕਤੀ ਆਪਣੇ ਆਲੇ ਦੁਆਲੇ ਜਾਂ ਪਰਿਵਾਰਕ ਮੈਂਬਰਾਂ ਦਾ ਪੈਸਿਵ ਸਮੋਕਰ ਬਣ ਕੇ ਨੁਕਸਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਤੰਬਾਕੂ ਦੀ ਭੈੜੀ ਅਲਾਮਤ ਨੂੰ ਛੱਡਣਾ ਚਾਹੁੰਦਾ ਹੈ ਤਾਂ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਕਮਰਾ ਨੰ. 24 ਵਿੱਚ ਬਣੇ ਤੰਬਾਕੂ ਛੁਡਾਉ ਕੇਂਦਰ ਵਿਚ ਜਾ ਸੰਪਰਕ ਕਰ ਸਕਦਾ ਹੈ ਜਿੱਥੇ ਕਿ ਬਿਨ੍ਹਾਂ ਕਿਸੇ ਤਕਲੀਫ ਤੋਂ ਹਰ ਤਰ੍ਹਾਂ ਦਾ ਤੰਬਾਕੂ ਮੁਫਤ ਛੁਡਾਇਆ ਜਾਂਦਾ ਹੈ।
ਸੈਕਸ਼ਨ 4 ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਤੇ ਸਖਤ ਮਨਾਹੀ ਹੈ , ਸੈਕਸ਼ਨ 6ਏ ਅਨੁਸਾਰ 18 ਸਾਲ ਦੇ ਘੱਟ ਤੋਂ ਵਿਅਤਕੀਆਂ ਦੁਆਰਾ ਤੰਬਾਕੂ ਖਰੀਦੋ ਫਰੋਖਤ ਨਹੀ ਕੀਤੀ ਜਾ ਸਕਦੀ, ਸੈਕਸ਼ਨ 6ਬੀ ਅਨੁਸਾਰ ਸਿੱਖਿਆ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੀ ਵਿਕਰੀ ਤੇ ਸਖਤ ਮਨਾਹੀ ਹੈ , ਸੈਕਸ਼ਨ ਨੰ. 5 ਅਨੁਸਾਰ ਤੰਬਾਕੂ ਪਦਾਰਥਾਂ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀ ਕੀਤੀ ਜਾ ਸਕਦੀ ਅਤੇ ਕਾਊਂਟਰ ਜਾਂ ਟੇਬਲ ਤੇ ਸਾਹਮਣੇ ਰੱਖ ਕੇ ਨਹੀ ਵੇਚੇ ਜਾ ਸਕਦੇ ਹਨ, ਸੇਕਸ਼ਨ ਨੰ. 7 ਅਧੀਨ ਬੀੜੀ ਸਿਗਰਟ, ਜਰਦਾ, ਜਰਦੇ ਦੀਆਂ ਪੁੜੀਆ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਪੈਕਿੰਗ ਉੱਪਰ 85 ਪ੍ਰਤੀਸ਼ਤ ਜਗ੍ਹਾ ਉਪਰ ਪਿਕਟੋਰੀਅਲ ਵਾਰਨਿੰਗ ਪਿਕਚਰ ਲਗਾਉਣੀ ਬਹੁਤ ਜਰੂਰੀ ਹੈ ਅਤੇ ਕੋਈ ਵੀ ਤੰਬਾਕੂ ਪਦਾਰਥ ਖੁੱਲੇ ਰੂਪ ਵਿੱਚ ਨਹੀਂ ਵੇਚੇ ਜਾ ਸਕਦੇ। ਉਨ੍ਹਾਂ ਦੱਸਿਆ ਕਿ ਸੈਕਸ਼ਨ 4, 6ਏ ਅਤੇ 6ਬੀ ਅਧੀਨ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 200 ਰੁਪੈ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ, ਸੇਕਸ਼ਨ ਨੰ. 5 ਅਤੇ 7 ਦੀ ਉਲੰਘਣਾਂ ਕਰਨ ਵਾਲੇ ਤੰਬਾਕੂ ਵਿਕਰੇਤਾਵਾਂ ਨੂੰ ਜੁਰਮਾਨੇ ਦਾ ਨਾਲ ਕੋਰਟ ਕੇਸ ਤੇ ਸਜ੍ਹਾ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਛੱਡਣ ਲਈ ਹੈਲਫ ਲਾਇਨ ਨੰ. 104, 1800110456 ਤੇ ਸੰਪਰਕ ਕੀਤਾ ਜਾ ਸਕਦਾ ਹੈ ।ਇਸ ਸਮੇਂ ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ , ਡਾ. ਵਰੁਣ ਵਰਮਾ, ਯੋਗੇਸ਼ ਗੋਇਲ ਫੂਡ ਸੇਫਟੀ ਅਫਸਰ, ਗੁਰਚਰਨ ਸਿੰਘ, ਸ. ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਭਗਵਾਨ ਦਾਸ ਅਤੇ ਲਾਲ ਚੰਦ ਜਿਲ਼੍ਹਾ ਸਿਹਤ ਇੰਸਪੈਕਟਰ, ਭੁਪਿੰਦਰ ਸਿੰਘ ਸਟੈਨੋ ਅਤੇ ਟੀਮਾਂ ਦੇ ਮੈਂਬਰ ਹਾਜ਼ਿਰ ਸਨ। Author: Malout Live