ਅੱਖਾਂ ਦਾਨ ਪੰਦਰਵਾੜੇ ਤਹਿਤ ਸੀ.ਐੱਚ.ਸੀ ਆਲਮਵਾਲਾ ਅਤੇ ਸਕੂਲਾਂ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ
ਮਲੋਟ (ਆਲਮਵਾਲਾ): ਦੇਸ਼ ਭਰ ਵਿੱਚ ਅੰਨ੍ਹੇਪਣ ਦਾ ਸ਼ਿਕਾਰ ਲੋਕਾਂ ਦੀ ਜ਼ਿੰਦਗੀ ਰੁਸ਼ਨਾਉਣ ਦੇ ਮਨੋਰਥ ਸਦਕਾ ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 9 ਸਤੰਬਰ ਤੱਕ ਮਨਾਏ ਜਾ ਰਹੇ ਅੱਖਾਂ ਦਾਨ ਪੰਦਰਵਾੜੇ ਦੌਰਾਨ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਅਤੇ ਸੀ.ਐੱਚ.ਸੀ ਆਲਮਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਆਲਮਵਾਲਾ ਵਿਖੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ। ਜਿਸ ਦੇ ਤਹਿਤ ਸੈਮੀਨਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਦੀਵਾਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਅਰਪਣ ਸਿੰਘ ਨੇ ਦੱਸਿਆ ਕਿ ਇੱਕ ਮਨੁੱਖ ਦੇ ਅੱਖਾਂ ਦਾਨ ਕਰਨ ਨਾਲ ਦੋ ਵਿਅਕਤੀ ਰੰਗਲੀ ਦੁਨੀਆਂ ਦੇਖਣ ਦੇ ਯੋਗ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਮੱਨੁਖ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣੀਆਂ ਅੱਖਾਂ ਦਾਨ ਕਰੇ ਤਾਂ ਜੋ ਦੁਨੀਆਂ ਭਰ ਵਿੱਚ
ਅੱਖਾਂ ਦੀ ਰੋਸ਼ਨੀ ਨਾ ਹੋਣ ਕਰਕੇ ਹਨੇਰੇ ਵਿੱਚ ਠੇਡੇ ਖਾ ਰਹੇ ਲੋਕਾਂ ਦਾ ਭਲਾ ਹੋ ਸਕੇ। ਸੀ.ਐੱਚ.ਸੀ ਆਲਮਵਾਲਾ ਵਿਖੇ ਜਾਗਰੂਕਤਾ ਪ੍ਰੋਗਰਾਮ ਦੌਰਾਨ ਐੱਸ.ਐੱਮ.ਓ ਡਾ.ਜਗਦੀਪ ਚਾਵਲਾ ਨੇ ਦੱਸਿਆ ਕਿ ਸਾਡੀ ਅੱਖਾਂ ਦੇ ਵਿਚਲਾ ਕਾਲਾ ਹਿੱਸਾ, ਜਿਸ ਨੂੰ ਅੱਖ ਦਾ ਪਰਦਾ ਵੀ ਕਿਹਾ ਜਾਂਦਾ ਹੈ, ਨੂੰ ਕਾਰਨਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦਾ ਹੈ। ਇਸ ਦਾ ਕੰਮ ਅੱਖਾਂ ਤੱਕ ਪਹੁੰਚਣ ਵਾਲੀ ਰੋਸ਼ਨੀ ਨੂੰ ਪਰਦੇ 'ਤੇ ਫ਼ੋਕਸ ਕਰਨਾ। ਜੇਕਰ ਕਿਸੇ ਕਾਰਣ ਕੋਰਨੀਆ ਦੀ ਪਾਰਦਰਸ਼ਤਾ ਖ਼ਤਮ ਹੋ ਜਾਵੇ ਤਾਂ ਮਨੁੱਖ ਨੂੰ ਦਿੱਸਣਾ ਬੰਦ ਹੋ ਜਾਵੇਗਾ। ਅੰਨ੍ਹੇਪਣ ਦਾ ਇਲਾਜ ਸਿਰਫ਼ ਇੱਕ ਹੀ ਹੈ 'ਤੇ ਉਹ ਹੈ ਅੱਖਾਂ ਦਾ ਦਾਨ। ਇਸ ਮੌਕੇ ਡਾ.ਅੰਮ੍ਰਿਤਪਾਲ ਕੌਰ ਅਤੇ ਹਰਮਿੰਦਰ ਕੌਰ ਬੀ.ਈ.ਈ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਹੈੱਲਪਲਾਈਨ ਨੰਬਰ104 ਉੱਤੇ ਸੰਪਰਕ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ ਜਾਂ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਸ ਮੌਕੇ ਫਾਰਮੇਸੀ ਅਫ਼ਸਰ ਮਨੋਜ ਕੁਮਾਰ, ਜੀ.ਓ.ਜੀ ਸੁਰਜੀਤ ਸਿੰਘ ਆਲਮਵਾਲਾ, ਚਰਨਜੀਤ ਕੌਰ, ਨਿਰਮਲਜੀਤ ਕੌਰ, ਸਰਬਜੀਤ ਕੌਰ, ਜਸਪਰੀਤ ਕੌਰ, ਨਸੀਬ ਕੌਰ, ਸੁਖਜੀਤ ਸਿੰਘ ਅਤੇ ਰਾਜਪਾਲ ਸਿੰਘ ਆਦਿ ਮੌਜੂਦ ਸਨ। Author: Malout Live