ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਆਲਮਵਾਲਾ ਵਿਖੇ ਹੋਏ ਜਸਕੌਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ 02 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਗੌਰਵ ਯਾਦਵ ਆਈ.ਪੀ.ਐੱਸ (ਡੀ.ਜੀ.ਪੀ) ਪੰਜਾਬ ਅਤੇ ਸ.ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐੱਸ (ਆਈ.ਜੀ) ਫਰੀਦਕੋਟ ਰੇਂਜ ਦੀਆਂ ਹਦਾਇਤਾਂ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ (ਐੱਸ.ਐੱਸ.ਪੀ) ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ਖਿਲਾਫ਼ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਤਹਿਤ ਸ.ਫਤਿਹ ਸਿੰਘ ਬਰਾੜ ਡੀ.ਐੱਸ.ਪੀ (ਲੰਬੀ) ਦੀ ਨਿਗਰਾਨੀ ਹੇਠ ਐੱਸ.ਆਈ ਰਣਜੀਤ ਸਿੰਘ ਮੁੱਖ ਅਫ਼ਸਰ ਥਾਣਾ ਕਬਰਵਾਲਾ ਪੁਲਿਸ ਵੱਲੋਂ ਪਿੰਡ ਆਲਮਵਾਲਾ ਵਿਖੇ ਜਸਕੋਰ ਸਿੰਘ ਨੂੰ ਕਤਲ ਕਰਨ ਵਾਲੇ 02 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਗਈ। ਜਾਣਕਾਰੀ ਅਨੁਸਾਰ 17-4-2024 ਨੂੰ ਜਸਕੌਰ ਸਿੰਘ ਉਰਫ਼ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮਵਾਲਾ ਦੀ ਲਾਸ਼ ਮਿਲੀ, ਜਿਸ ਤੇ ਪੁਲਿਸ ਵੱਲੋਂ ਮ੍ਰਿਤਕ ਜਸਕੌਰ ਸਿੰਘ ਦੀ ਭੈਣ ਕਿਰਨਦੀਪ ਕੌਰ ਉਰਫ਼ ਕਿਰਨ ਪਤਨੀ ਗੁਰਮੀਤ ਸਿੰਘ ਵਾਸੀ ਟਿੱਡੇ ਕਲਾਂ ਥਾਣਾ ਸਦਰ ਕੋਟਕਪੂਰਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਗਈ, ਪਰ ਮ੍ਰਿਤਕ ਜਸਕੌਰ ਦੇ ਭੈਣ ਕਿਰਨਦੀਪ ਕੌਰ ਨੇ ਦੁਬਾਰਾ ਬਿਆਨ ਦਿੱਤਾ ਕਿ ਮੇਰੇ ਭਰਾ ਜਸਕੌਰ ਸਿੰਘ ਉਰਫ਼ ਸੋਨੀ ਨੂੰ ਉਸਦੀ ਹੀ ਪਤਨੀ ਕੁਲਦੀਪ ਕੌਰ ਨੇ ਆਪਣੇ ਸਾਥੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਦਿਵਾਲੀ (ਜਿਲ੍ਹਾ ਫਾਜ਼ਿਲਕਾ) ਨਾਲ ਮਿਲ ਕੇ ਕਤਲ ਕੀਤਾ ਹੈ।

ਜਿਸ ਤੇ ਪੁਲਿਸ ਵੱਲੋਂ ਮੁਕੰਦਮਾ ਨੰਬਰ 41 ਮਿਤੀ 18.04.2024 ਅ/ਧ 302,34 ਹਿੰ:ਦੰ: ਬਰਖਿਲਾਫ਼ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਉੱਕਤ ਤੇ ਥਾਣਾ ਕਬਰਵਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਵੱਲੋਂ ਆਧੁਨਿਕ ਢੰਗ/ਤਰੀਕਿਆਂ ਦੀ ਮੱਦਦ ਨਾਲ ਦੋਸ਼ੀ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਦੋਸ਼ੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਕੁਲਦੀਪ ਕੌਰ ਪਤਨੀ ਮ੍ਰਿਤਕ ਜਸਕੋਰ ਸਿੰਘ ਦੀ ਜਗਮੀਤ ਸਿੰਘ ਦੇ ਨਾਲ ਸਬੰਧ ਸਨ, ਜਿਸ ਤੇ ਮ੍ਰਿਤਕ ਜਸਕੌਰ ਸਿੰਘ ਨੂੰ ਉਹ ਆਪਣੇ ਰਾਹ ਦਾ ਰੋੜਾ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ, ਸਿਰਹਾਣੇ ਨਾਲ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਅੱਗੇ ਤਫਤੀਸ਼ ਜਾਰੀ ਹੈ। Author : Malout Live