ਨਮੂਨੀਆ ਦੀ ਜਲਦੀ ਪਛਾਣ ਕਰਕੇ ਅਤੇ ਜਲਦੀ ਇਲਾਜ ਸ਼ੁਰੂ ਕਰਕੇ ਬੱਚਿਆਂ ਦੀਆਂ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ- ਡਾ. ਪਰਮਦੀਪ ਸਿੰਘ ਸੰਧੂ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਨਮੂਨੀਆਂ ਤੋਂ ਬਚਾਅ ਸੰਬੰਧੀ ਟ੍ਰੇਨਿੰਗ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਤੋਂ ਕਮਿਊਨਿਟੀ ਹੈੱਲਥ ਅਫਸਰਾਂ, ਸਟਾਫ਼ ਨਰਸਾਂ ਅਤੇ ਐਮ.ਪੀ.ਐੱਚ.ਡਬਲਯੂ ਨੇ ਭਾਗ ਲਿਆ। ਇਸ ਸਮੇਂ ਡਾ. ਪਰਮਦੀਪ ਸਿੰਘ ਸੰਧੂ, ਬੱਚਿਆਂ ਦੇ ਮਾਹਿਰ ਡਾਕਟਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਜੇਕਰ ਨਮੂਨੀਆ ਦੀ ਜਲਦੀ ਪਛਾਣ ਕਰਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਸਿੱਧ ਹੋ ਸਕਦਾ ਹੈ। ਬੱਚਿਆਂ ਵਿਚ ਹੋਣ ਵਾਲੀਆਂ ਮੌਤਾਂ ਦਾ ਨਮੂਨੀਆ ਮੁੱਖ ਕਾਰਨ ਹੈ, ਜੋ ਕਿ ਫੇਫੜਿਆਂ ਵਿੱਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਮੂਨੀਆਂ ਇੱਕ ਗੰਭੀਰ ਬਿਮਾਰੀ ਹੈ, ਇਸ ਲਈ ਘਰੇਲੂ ਇਲਾਜ ਵਿੱਚ ਸਮਾਂ ਨਾ ਗਵਾਇਆ ਜਾਵੇ ਅਤੇ ਇਸ ਦੇ ਲੱਛਣ ਪਛਾਣ ਕੇ ਮਰੀਜ ਨੂੰ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ। ਇਸ ਮੌਕੇ ਡਾ. ਪਵਨ ਮਿੱਤਲ, ਐੱਸ.ਐਮ.ਓ ਇੰਚ. ਸੀ.ਐੱਚ.ਸੀ. ਲੰਬੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਸਰਕਾਰ ਵੱਲੋਂ ਨਮੂਨਿਆਂ ਤੋਂ ਬਚਾਅ ਅਤੇ ਇਸਦੇ ਇਲਾਜ ਸੰਬੰਧੀ ‘ਸੋਸ਼ਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਊਟਰੀਲਾਇਜ਼ ਨਮੂਨੀਆ ਸਕਸੈਸਫੁੱਲੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਲੋਕਾਂ ਨੂੰ ਨਮੂਨੀਆ ਤੋਂ ਬਚਾਅ ਸੰਬੰਧੀ ਜਾਗਰੂਕ ਕਰਨਾ, ਨਮੂਨੀਆ ਦੀ ਜਲਦੀ ਪਛਾਣ ਕਰਕੇ ਇਸਦਾ ਇਲਾਜ ਕਰਨਾ ਅਤੇ ਗੰਭੀਰ ਨਮੂਨੀਆ ਵਾਲੇ ਕੇਸਾਂ ਨੂੰ ਜਲਦੀ ਹਸਪਤਾਲਾਂ ਵਿੱਚ ਲੈ ਕੇ ਜਾਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਨਮੂਨੀਆ ਤੋਂ ਬਚਣ ਲਈ ਸਾਨੂੰ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ ਤਾਂ ਜੋ ਬੈਕਟੀਰੀਆ ਨੂੰ ਰੋਕਣ ਵਿੱਚ ਮੱਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸਮੇਂ ਸਿਰ ਅਤੇ ਸੰਪੂਰਣ ਟੀਕਾਕਰਨ ਜਰੂਰ ਕਰਵਾਇਆ ਜਾਵੇ। ਬੱਚਿਆਂ ਦੇ ਨੇੜੇ ਧੂੰਆਂ ਨਾ ਹੋਣ ਦਿਉ। ਇੰਨ੍ਹਾ ਸਾਵਧਾਨੀਆਂ ਨਾਲ ਅਸੀਂ ਨਮੂਨੀਆਂ ਦੀ ਬਿਮਾਰੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ। ਇਸ ਮੌਕੇ ਡਾ. ਕਿਰਨਦੀਪ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਲਾਲ ਚੰਦ ਅਤੇ ਭਗਵਾਨ ਦਾਸ ਜਿਲ੍ਹਾ ਸਿਹਤ ਇੰਸਪੈਕਟਰ ਅਤੇ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਫੀਲਡ ਸਟਾਫ਼ ਹਾਜ਼ਿਰ ਸਨ। Author: Malout Live