ਪਰਾਲੀ ਸਾੜਨ 'ਤੇ 15 ਖਿਲਾਫ ਮਾਮਲੇ ਦਰਜ, 130 ਕਿਸਾਨਾਂ ਦੇ ਜ਼ਮੀਨੀ ਰਿਕਾਰਡ 'ਤੇ ਲਗਾਈ ਲਾਲ ਲਕੀਰ

ਸ੍ਰੀ ਮੁਕਤਸਰ ਸਾਹਿਬ :- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਰੋਕ ਲਾਉਣ ਦੇ ਬਾਵਜੂਦ ਕਿਸਾਨ ਪਰਾਲੀ ਨੂੰ ਧੜਾਧੜ ਸਾੜ ਰਹੇ ਹਨ। ਇਸੇ ਕਾਰਨ ਪ੍ਰਸ਼ਾਸਨ ਨੇ ਸਖਤ ਕਾਨੂੰਨ ਅਪਣਾਉਂਦੇ ਹੋਏ ਕਿਸਾਨਾਂ ਦੀ ਸ਼ਨਾਖਤ ਕਰਦਿਆਂ ਪਰਾਲੀ ਸਾੜਨ ਵਾਲਿਆਂ ਖਿਲਾਫ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਥਾਣਿਆਂ 'ਚ ਇਕੋਂ ਦਿਨ 'ਚ 15 ਮਾਮਲੇ ਦਰਜ ਕੀਤੇ ਗਏ ਹਨ ਅਤੇ 130 ਕਿਸਾਨਾਂ ਦੇ ਜ਼ਮੀਨੀ ਰਿਕਾਰਡ 'ਤੇ ਲਾਲ ਲਕੀਰ ਲਾਈ ਗਈ ਹੈ। ਇਸੇ ਤਰ੍ਹਾਂ ਥਾਣਾ ਬਰੀਵਾਲਾ 'ਚ 1, ਥਾਣਾ ਕੋਟਭਾਈ 'ਚ 4, ਥਾਣਾ ਲੰਬੀ 'ਚ 2, ਥਾਣਾ ਕਬਰਵਾਲਾ 'ਚ 3, ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ 2, ਥਾਣਾ ਸਦਰ ਮਲੋਟ ਵਿਖੇ 2, ਥਾਣਾ ਸਦਰ ਲਖੇਵਾਲੀ ਵਿਖੇ 1 ਮਾਮਲਾ ਦਰਜ ਕੀਤਾ ਗਿਆ ਹੈ।ਥਾਣਾ ਕੋਟਭਾਈ ਵਿਖੇ 4 ਨਵੰਬਰ ਨੂੰ 5 ਮਾਮਲੇ ਦਰਜ ਕੀਤੇ ਗਏ ਸਨ। ਦੂਜੇ ਪਾਸੇ ਪ੍ਰਸ਼ਾਸਨ ਵਲੋਂ 1522 ਖੇਤਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਥੇ ਪਰਾਲੀ ਨੂੰ ਅੱਗ ਲਾਈ ਗਈ। ਦਰਜ ਕੀਤੇ 191 ਮਾਮਲਿਆਂ 'ਚੋਂ 4 ਲੱਖ 90 ਹਜ਼ਾਰ ਤੱਕ ਦਾ ਜੁਰਮਾਨਾ ਕੀਤਾ ਗਿਆ ਅਤੇ 130 ਕਿਸਾਨਾਂ ਦੇ ਜ਼ਮੀਨੀ ਰਿਕਾਰਡ 'ਤੇ ਲਾਲ ਲਕੀਰ ਲਾਈ ਗਈ ਹੈ।