550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਪਟਨ ਵੱਲੋਂ 'ਸ਼ਬਦ' ਤੇ 'ਗੀਤ' ਕੀਤੇ ਗਏ ਰਿਲੀਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੇਖਦੇ ਹੋਏ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਵਲੋਂ ਗਾਏ ਸ਼ਬਦ ਤੇ ਗੀਤਾਂ ਨੂੰ ਰਿਲੀਜ਼ ਕੀਤਾ, ਜਿਸ ਨੂੰ ਸੂਫੀ ਗਾਇਕ ਪੂਰਨ ਚੰਦ ਵਡਾਲੀ ਨੇ ਤਿਆਰ ਕੀਤਾ ਸੀ। ਸੂਬੇ ਦੀ ਜਨਤਾ ਤੱਕ ਸੰਦੇਸ਼ ਪਹੁੰਚਾਉਣ ਲਈ ਇਸ ਸ਼ਬਦ 'ਸਤਿਗੁਰੂ ਨਾਨਕ ਆਏ ਨੇ' ਨੂੰ ਜਾਰੀ ਕੀਤਾ ਗਿਆ ਹੈ। ਇਸ ਸ਼ਬਦ ਨੂੰ ਹਰਸ਼ਦੀਪ ਕੌਰ ਨੇ ਕੰਪੋਜ਼ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਸ਼ਬਦ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਵਿਚਾਰਾਂ ਦਾ ਹੋਰ ਪ੍ਰਸਾਰ ਕਰਨ ਵਿਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਧਾਰਮਿਕ ਖੇਤਰ 'ਚ ਹੋਰ ਬੁਲੰਦੀਆਂ ਨੂੰ ਛੂਹੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸੰਦੇਸ਼ ਮਾਨਵਤਾ ਨੂੰ ਦਿੱਤਾ ਹੈ, ਉਸ ਨੂੰ ਪੂਰੇ ਵਿਸ਼ਵ ਵਿਚ ਪਹੁੰਚਾਉਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ 'ਚ ਵਸੀ ਸੰਗਤ ਸ੍ਰੀ ਸੁਲਤਾਨਪੁਰ ਲੋਧੀ ਦਰਸ਼ਨਾਂ ਲਈ ਪਹੁੰਚ ਰਹੀ ਹੈ। ਇਸ ਮੌਕੇ ਵਿਧਾਇਕ ਰਾਜ ਕੁਮਾਰ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਕਲਚਰਲ ਐਂਡ ਟੂਰਿਜ਼ਮ ਮਾਮਲਿਆਂ ਦੇ ਪ੍ਰਿੰਸੀਪਲ ਸਕੱਤਰ ਵਿਕਾਸ ਪ੍ਰਤਾਪ ਵੀ ਮੌਜੂਦ ਸਨ।