ਗੁਰਪੁਰਬ ਮੌਕੇ ਰੇਲ ਮੰਤਰਾਲੇ ਵੱਲੋਂ ਸਪੈਸ਼ਲ ਗੁਰਪੁਰਬ ਟਰੇਨਾਂ ਚਲਾਉਣ ਸੰਬੰਧੀ ਵਿਧਾਇਕ ਚੀਮਾ ਵੱਲੋਂ ਰੇਲ ਮੰਤਰਾਲੇ ਦਾ ਧੰਨਵਾਦ
,
ਸੁਲਤਾਨਪੁਰ ਲੋਧੀ:- ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਰੇਲ ਮੰਤਰਾਲਾ ਭਾਰਤ ਸਰਕਾਰ ਨੂੰ ਪਾਵਨ ਨਗਰੀ ਲਈ ਸਪੈਸ਼ਲ ਟਰੇਨਾਂ ਚਲਾਉਣ ਲਈ ਕੀਤੀ ਮੰਗ ਤਹਿਤ ਰੇਲ ਮੰਤਰਾਲੇ ਨੇ ਗੁਰਪੁਰਬ ਮੌਕੇ ਵੱਡੀ ਗਿਣਤੀ 'ਚ ਮੇਲਾ ਸਪੈਸ਼ਲ ਗੱਡੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਮੁੱਖ ਸੁਪਰਡੈਂਟ ਰਾਜਬੀਰ ਸਿੰਘ ਟਾਈਗਰ ਨੇ ਦੱਸਿਆ ਕਿ ਰੇਲ ਮੰਤਰਾਲੇ ਵੱਲੋਂ ਫਿਰੋਜ਼ਪੁਰ-ਡਿੱਬਰੂਗੜ੍ਹ ਵਾਇਆ ਸੁਲਤਾਨਪੁਰ ਲੋਧੀ, ਗੰਗਾਨਗਰ, ਡੇਰਾ ਬਾਬਾ ਨਾਨਕ, ਨੰਦੇੜ, ਪਟਨਾ, ਨਵਾਂ ਸ਼ਹਿਰ, ਲੋਹੀਆਂ-ਦਿੱਲੀ, ਹੁਸ਼ਿਆਰਪੁਰ, ਫਾਜ਼ਿਲਕਾ, ਲੋਹੀਆਂ-ਪਟਿਆਲਾ, ਨੰਗਲ ਡੈਮ ਆਦਿ ਗੱਡੀਆਂ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਡਿਬਰੂਗੜ੍ਹ ਲਈ ਟਰੇਨ ਨੰ. 4650 ਦੁਪਹਿਰ ਨੂੰ 12:40 ਮਿੰਟ 'ਤੇ ਰਵਾਨਾ ਹੋਵੇਗੀ ਤੇ ਇਹ ਟਰੇਨ ਸੁਲਤਾਨਪੁਰ ਲੋਧੀ ਦੁਪਹਿਰ 2 ਵਜੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਹ ਟਰੇਨ 6 ਨਵੰਬਰ ਤੋਂ 13 ਨਵੰਬਰ ਤੱਕ ਚੱਲੇਗੀ। ਇਸੇ ਤਰ੍ਹਾਂ ਹੋਰ ਟਰੇਨਾਂ ਦਾ ਵੇਰਵਾ ਹੇਠ ਦਿੱਤੇ ਅਨੁਸਾਰ ਹੈ। ਗੁਰਪੁਰਬ ਮੌਕੇ ਰੇਲ ਮੰਤਰਾਲੇ ਵੱਲੋਂ ਸਪੈਸ਼ਲ ਗੁਰਪੁਰਬ ਟਰੇਨਾਂ ਵੱਖ-ਵੱਖ ਹਿੱਸਿਆਂ ਤੋਂ ਚਲਾਉਣ ਲਈ ਵਿਧਾਇਕ ਚੀਮਾ ਵੱਲੋਂ ਰੇਲ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਆ ਰਹੀਆਂ ਸੰਗਤਾਂ ਦੇ ਲਈ ਸਾਡੀ ਇਹ ਕੋਸ਼ਿਸ਼ ਸਫਲ ਸਾਬਤ ਹੋਈ ਹੈ। ਹੁਣ ਸੰਗਤਾਂ ਇਸ ਪਾਵਨ ਨਗਰੀ 'ਚ ਕਿਸੇ ਵੀ ਜਗ੍ਹਾ ਤੋਂ ਆਰਾਮ ਨਾਲ ਪਾਵਨ ਨਗਰੀ ਪਹੁੰਚ ਜਾਣਗੀਆਂ।