ਨਰਮੇ ਦੀ ਫਸਲ ਨੂੰ ਉਤਸਾਹਿਤ ਕਰਨ ਲਈ ਜ਼ਿਲਾ ਸ੍ਰੀ ਮੁਕਤਸਰ ਸਹਿਬ ਨੂੰ ਮਿਲਿਆ ਪੁਰਸਕਾਰ

ਸ੍ਰੀ ਮੁਕਤਸਰ ਸਹਿਬ:- ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਵਿਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਮੋਹਰੀ ਰਿਹਾ ਹੈ। ਜ਼ਿਲੇ ਦੀ ਇਸ ਪ੍ਰਾਪਤ ਲਈ ਪੰਜਾਬ ਖੇਤੀਬਾੜੀ ਯੁਨੀਵਿਰਸਿਟੀ ਵੱਲੋਂ ਕਰਵਾਏ ਕਿਸਾਨ ਮੇਲੇ ਦੌਰਾਨ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਨੂੰ ਸਕੱਤਰ ਖੇਤੀਬਾੜੀ ਅਤੇ ਕਿਸਾਨ ਕਲਿਆਣਾ ਵਿਭਾਗ ਪੰਜਾਬ, ਸ੍ਰੀ ਕਾਹਨ ਸਿੰਘ ਪਨੂੰ ਅਤੇ ਖੇਤੀਬਾੜੀ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਹੈ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਸਾਲ ਖੇਤੀਬਾੜੀ ਵਿਭਾਗ ਦੀ ਪੂਰੀ ਟੀਮ ਦੇ ਯਤਨਾਂ ਨਾਲ ਨਰਮੇ ਹੇਠ ਰਕਬੇ ਵਿਚ 27 ਫੀਸਦੀ ਦਾ ਵਾਧਾ ਹੋਇਆ ਸੀ। ਇਸ ਤੋਂ ਬਿਨਾਂ ਬਾਸਮਤੀ ਹੇਠ ਵੀ ਰਕਬਾ ਵਧਿਆ ਹੈ ਅਤੇ ਇਹ ਸਾਰਾ ਰਕਬਾ ਝੋਨੇ ਹੇਠੋਂ ਘਟਿਆ ਹੈ। ਜ਼ਿਲੇ ਵਿਚ ਪਿੱਛਲੇ ਸਾਲ 52 ਹਜਾਰ ਹੈਕਟੇਅਰ ਵਿਚ ਨਰਮੇ ਦੀ ਕਾਸਤ ਕੀਤੀ ਗਈ ਸੀ ਜਦ ਕਿ ਇਸ ਵਾਰ ਜ਼ਿਲੇ ਵਿਚ 72 ਹਜਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਕਾਸਤ ਹੋਈ ਹੈ। ਇਸ ਤੋਂ ਬਿਨਾਂ ਜ਼ਿਲੇ ਵਿਚ ਕਿਸਾਨਾਂ ਨੂੰ ਖੇਤੀ ਪਸਾਰ ਸੇਵਾਵਾਂ ਵੀ ਸੁੱਚਜੇ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਹਨ ਜਿਸ ਸਦਕਾ ਇਸ ਸਾਲ ਨਰਮੇ ਦੀ ਭਰਪੂਰ ਫਸਲ ਦੀ ਆਸ ਹੈ ਅਤੇ ਫਸਲ ਤੇ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੈ। ਕਿਸਾਨਾਂ ਨੇ ਨਰਮੇ ਦੀ ਚੁਗਾਈ ਸ਼ੁਰੂ ਕਰ ਦਿੱਤੀ ਹੈ ਅਤੇ ਪਹਿਲੀ ਚੁਗਾਈ ਵਿਚ ਚੰਗਾ ਝਾੜ ਵੀ ਮਿਲ ਰਿਹਾ ਹੈ। ਇਸ ਤੋਂ ਬਿਨਾਂ ਜ਼ਿਲੇ ਵੱਲੋਂ ਕਿਸਾਨਾਂ ਨੂੰ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਲੋੜ ਅਨੁਸਾਰ ਹੀ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਵੀ ਸਰਾਹਿਆ ਗਿਆ ਹੈ। ਜਿਲ਼ੇ ਵਿਚ ਬਾਸਮਤੀ ਵਿਚ ਪਾਬੰਦੀਸੁਦਾ ਜਹਿਰਾਂ ਦੀ ਵਰਤੋਂ ਵੀ ਘਟਾਈ ਗਈ ਹੈ। ਇਸ ਲਈ ਵੀ ਜ਼ਿਲੇ ਨੂੰ ਸਲਾਘਾ ਮਿਲੀ ਹੈ। ਇਸ ਤੋਂ ਬਿਨਾਂ ਪਰਾਲੀ ਸੰਭਾਲ ਲਈ ਜਾਗਰੂਕਤਾ ਪੈਦਾ ਕਰਨ ਅਤੇ ਖੇਤੀ ਵਸਤਾਂ ਦੀ ਕਿਸਾਨਾਂ ਤੱਕ ਚੰਗੀ ਪਹੁੰਚ ਲਈ ਜ਼ਿਲੇ ਦੇ ਖੇਤੀਬਾੜੀ ਵਿਭਾਗ ਦੀ ਕਾਰਗੁਜਾਰੀ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨੇ ਸਲਾਹਿਆ ਹੈ। ਜ਼ਿਲਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ ਨੇ ਇਹ ਪ੍ਰਾਪਤੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੀ ਸੁਚੱਜੀ ਅਗਵਾਈ ਅਤੇ ਖੇਤੀਬਾੜੀ ਵਿਭਾਗ ਦੀ ਪੂਰੀ ਟੀਮ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਸ ਪੁਰਸਕਾਰ ਨਾਲ ਸਾਨੂੰ ਕਿਸਾਨਾਂ ਦੀ ਹੋਰ ਵੀ ਵਧੇਰੇ ਤਨਦੇਹੀ ਨਾਲ ਸੇਵਾ ਕਰਨ ਦੀ ਪ੍ਰੇਰਣਾ ਮਿਲੇਗੀ।