ਜਲਾਲਾਬਾਦ ਤੋਂ ਕਾਂਗਰਸੀ ਯੂਥ ਆਗੂ 'ਗੋਲਡੀ ਕੰਬੋਜ' ਨੇ ਦਿੱਤਾ ਅਸਤੀਫਾ

ਜਲਾਲਾਬਾਦ ਤੋਂ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਅਹੁਦੇ ਅਤੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।  ਪੰਜਾਬ ਦੇ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਨੇ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਵਿਚ ਨਵੇਂ ਚਿਹਰੇ ਚੋਣ ਮੈਦਾਨ ‘ਚ ਉਤਾਰੇ ਹਨ ।  ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਯੂਥ ਕਾਂਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਇਹ ਕਦਮ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਟਿਕਟ ਦਿੱਤੇ ਜਾਣ ਦੇ ਰੋਸ ਵਜੋਂ ਉਠਾਇਆ ਹੈ। ਗੋਲਡੀ ਕੰਬੋਜ ਨੇ ਆਪਣੇ ਅਸਤੀਫੇ ਦੀ ਕਾਪੀ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ ਕਿ ਅਜਿਹੀਆਂ ਗਤੀਵਿਧੀਆਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਗੋਲਡੀ ਨੇ ਲਿਖਿਆ ਹੈ ਕਿ ਕੁਝ ਸਰਮਾਏਦਾਰ ਅਤੇ ਪਾਰਟੀ 'ਚ ਬੈਠੀਆਂ ਪਾਰਟੀ ਵਿਰੋਧੀ ਤਾਕਤਾਂ ਜਾਇਜ਼ ਮੁਕਾਮ ਤੱਕ ਪੁੱਜਣ ਨਹੀਂ ਦਿੰਦੀਆਂ।