ਨਵ ਵਿਆਹੇ ਜੋੜੇ ਨੇ ਸਮਾਜ ਨੂੰ ਫਾਲਤੂ ਖਰਚਿਆਂ ਤੋਂ ਬਚਣ ਦੀ ਦਿੱਤੀ ਸਲਾਹ
ਸ੍ਰੀ ਮੁਕਤਸਰ ਸਾਹਿਬ:- ਸਮਾਜ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਪ੍ਰਚਲਿਤ ਹਨ, ਇਹਨਾਂ ਰੀਤੀ ਰਿਵਾਜਾਂ ਦੇ ਚੱਲਦਿਆਂ ਕਈ ਲੋਕ ਆਪਣਾ ਸਮਾਜ ਵਿੱਚ ਵਾਹ-ਵਾਹ ਖੱਟਣ ਲਈ ਫਾਲਤੂ ਦਾ ਖਰਚਾ ਕਰਕੇ ਕਰਜ਼ੇ ਦੇ ਬੋਝ ਥੱਲੇ ਆ ਕੇ ਆਪਣੀ ਪ੍ਰਗਤੀ ਦੇ ਰਾਹ ਵਿੱਚ ਸਦਾ ਲਈ ਰੋੜਾ ਬਣ ਜਾਂਦੇ ਹਨ। ਕਈ ਸਿਆਣੇ ਤੇ ਸਮਝਦਾਰ ਲੋਕ ਸਮਾਜ ਨੂੰ ਨਵਾਂ ਸੁਨੇਹਾ ਦੇ ਜਾਂਦੇ ਹਨ, ਜੋ ਕਿ ਸਮਾਜ ਲਈ ਇੱਕ ਮਾਰਗ ਦਰਸ਼ਨ ਦਾ ਕੰਮ ਕਰ ਜਾਂਦੇ ਹਨ ਅਤੇ ਸਮਾਜ ਨੂੰ ਫਾਲਤੂ ਦੇ ਖਰਚਿਆਂ ਤੋਂ ਬਚਣ ਲਈ ਨਵੀਂ ਮਿਸਾਲ ਪੈਦਾ ਕਰ ਦਿੰਦੇ ਹਨ।
ਇਹੋ ਜਿਹੀ ਹੀ ਇੱਕ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਨਵ ਵਿਆਹੇ ਲੜਕੇ ਸ੍ਰੀ ਵਨੀਤ ਬਾਂਸਲ ਪੁੱਤਰ ਸ੍ਰੀ ਸੁਖਦੇਵ ਬਾਂਸਲ ਨੇ ਪੇਸ਼ ਕੀਤੀ ਹੈ, ਜਿਸਦਾ ਬੀਤੀ ਦਿਨੀ ਗੋਨਿਆਣਾ ਮੰਡੀ ਦੀ ਵਸਨੀਕ ਆਪਣੀ ਹਮ ਸਫਰ ਸਾਥਣ ਮੀਨੂ ਪੁੱਤਰੀ ਸ੍ਰੀ ਰਮੇਸ਼ ਕੁਮਾਰ ਨਾਲ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਕੀਤਾ। ਇਸ ਲੜਕੇ ਨੇ ਕਰੋਨਾ ਵਾਇਰਸ ਤੇ ਚੱਲਦਿਆਂ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਦੇ ਢੰਗ ਨਾਲ ਵਿਆਹ ਕਰਵਾਇਆ, ਇਸ ਵਿਆਹ ਵਿੱਚ ਬਿਨ੍ਹਾ ਇਕੱਠ ਕੀਤੇ ਕੇਵਲ ਲੜਕੇ ਅਤੇ ਲੜਕੀ ਦੇ ਪਰਿਵਾਰ ਦੇ ਸਥਾਨਕ ਮੈਂਬਰ ਹੀ ਸ਼ਾਮਿਲ ਸਨ। ਇਸ ਨਵੇਂ ਵਿਆਹ ਜੋੜੇ ਨੇ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਵਿਆਹ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਫਾਲਤੂ ਦੇ ਖਰਚਿਆਂ ਤੋਂ ਬਚਣ ਲਈ ਸਾਦੇ ਢੰਗ ਨਾਲ ਵਿਆਹ ਕਰਨੇ ਚਾਹੀਦੇ ਹਨ ਅਤੇ ਸਾਦੇ ਢੰਗ ਨਾਲ ਹੀ ਆਪਣੇ ਚਲੇ ਆ ਰਹੇ ਰੀਤੀ ਰਿਵਾਜਾਂ ਨੂੰ ਨਿਭਾਉਣਾ ਚਾਹੀਦਾ ਹੈ।