ਕੋਰੋਨਾ ਤੇ ਜਿੱਤ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਤੇ ਤਸੱਲੀ ਪ੍ਰਗਟਾਈ ਅਤੇ ਡਾਕਟਰਾਂ ਦੀ ਟੀਮ ਦਾ ਕੀਤਾ ਧੰਨਵਾਦ
ਸ੍ਰੀ ਮੁਕਤਸਰ ਸਾਹਿਬ:- ਕੋਵਿਡ-19 ਤੇ ਜਿੱਤ ਪ੍ਰਾਪਤ ਕਰਨ ਉਪਰੰਤ ਕੋਵਿਡ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ ਮਿਲੀ ਛੁੱਟੀ ਤੋਂ ਬਾਅਦ ਆਦਮੀਆਂ ਅਤੇ ਔਰਤਾਂ ਨੇ ਇਲਾਜ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਅਤੇ ਮੁਹੱਈਆਂ ਕਰਵਾਈਆਂ ਸਹੂਲਤਾਂ ਤੇ ਤਸੱਲੀ ਪ੍ਰਗਟ ਕਰਦਿਆਂ ਡਾਕਟਰਾਂ ਦੀ ਟੀਮ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਉਹਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆਂ ਕਰਵਾਈਆਂ ਸੁਚੱਜੀਆਂ ਸਿਹਤ ਸਹੂਲਤਾਂ ਸਦਕਾ ਉਹ ਇਲਾਜ ਕਰਵਾ ਕੇ ਠੀਕ ਹੋ ਕੇ ਆਪਣੇ ਘਰ ਪਰਿਵਾਰ ਵਿੱਚ ਜਾ ਰਹੇ ਹਨ। ਤਸੱਲੀ ਪ੍ਰਗਟ ਕਰਦਿਆਂ ਠੀਕ ਹੋਏ ਲੋਕਾਂ ਨੇ ਦੱਸਿਆ ਕਿ ਸਾਡਾ ਕੋਵਿਡ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਬਹੁਤ ਵਧੀਆ ਢੰਗ ਨਾਲ ਇਲਾਜ ਕੀਤਾ ਗਿਆ, ਵਧੀਆ ਖਾਣਾ ਦਿੱਤਾ ਗਿਆ ਅਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਗਈ। ਜੇਕਰ ਸਾਨੂੰ ਕੋਈ ਮੁਸ਼ਕਿਲ ਪੇਸ਼ ਆਈ ਤਾਂ ਸਿਹਤ ਸਟਾਫ਼ ਵੱਲੋਂ ਜਲਦੀ ਤੋਂ ਜਲਦੀ ਉਸ ਮੁਸ਼ਕਿਲ ਨੂੰ ਹੱਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿੱਚ 66 ਮਰੀਜ਼ ਪਾਜ਼ੇਟਿਵ ਆਏ ਸਨ। ਜਿਸ ਵਿੱਚ 49 ਮਰੀਜ਼ਾਂ ਨੇ ਕੋਰੋਨਾ ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਠੀਕ ਹੋ ਕੇ ਆਪਦੇ ਘਰ ਚਲੇ ਗਏ ਹਨ। ਪ੍ਰਮਾਤਮਾ ਨੇ ਮਿਹਰ ਰੱਖੀ ਤਾਂ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ 17 ਮਰੀਜ ਵੀ ਠੀਕ ਹੋ ਕੇ ਘਰ ਚਲੇ ਜਾਣਗੇ ਅਤੇ ਜਿਲਾ ਸ੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਜਾਵੇਗਾ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ, ਤਾਂ ਜੋ ਅਸੀਂ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾਅ ਸਕੀਏ। ਇਸ ਬਿਮਾਰੀ ਤੋਂ ਬਚਾਅ ਲਈ ਵਾਰ ਵਾਰ ਹੱਥ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਬਹੁਤ ਜਰੂਰੀ ਹੈ।