ਕੋਰੋਨਾ ਵੈਕਸੀਨ ਦੀਆਂ ਪੂਰੀਆਂ ਖੁਰਾਕਾਂ ਸਮੇਂ ਸਿਰ ਲਗਵਾਉਣ ਤੇ ਹੀ ਕੋਵਿਡ-19 ਵਿਰੁੱਧ ਬਣੇਗੀ ਸੰਪੂਰਨ ਇਮਿਊਨਿਟੀ- ਡਾ- ਰੰਜੂ ਸਿੰਗਲਾ
ਮਲੋਟ/ਸ਼੍ਰੀ ਮੁਕਤਸਰ ਸਾਹਿਬ:- ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਵਿੱਚ ਕੋਵਿਡ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇੱਕ 14 ਸਾਲਾਂ ਲੜਕੀ ਤੇ 75 ਸਾਲਾਂ ਬਜੁਰਗ ਦੀ ਕੋਵਿਡ-19 ਪ੍ਰਭਾਵਿਤ ਹੋਣ ਕਾਰਨ ਮੌਤ ਵੀ ਹੋ ਚੁੱਕੀ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਨਾਗਰਿਕਾਂ ਨੂੰ ਮੁਕੰਮਲ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲੇ ਵਿੱਚ 43 ਪਾਜ਼ਿਟਿਵ ਕੇਸ ਐਕਟਿਵ ਚੱਲ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਦੀ ਵੈਕਸਿਨ ਨਹੀਂ ਲਗਾਈ ਹੈ ਉਹ ਜਲਦ ਤੋਂ ਜਲਦ ਇਹ ਵੈਕਸਿਨ ਨੇੜੇ ਦੇ ਸਿਹਤ ਕੇਂਦਰ ਤੋਂ ਮੁਫਤ ਲਗਵਾ ਲੈਣ ਅਤੇ ਜਿਨ੍ਹਾਂ ਨੇ ਇੱਕ ਡੋਜ ਲਈ ਹੈ ਉਹ ਵੀ ਆਪਣੀ ਦੂਸਰੀ ਖੁਰਾਕ ਲਗਵਾ ਲੈਣ। ਜਿਨ੍ਹਾਂ ਨੂੰ ਦੂਜੀ ਡੋਜ ਲਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਆਪਣੀ ਪ੍ਰੀਕਾਸ਼ਨਰੀ ਡੋਜ ਵੀ ਜਲਦ ਤੋਂ ਜਲਦ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ ਤੋਂ ਲਗਵਾ ਲੈਣ। ਉਨ੍ਹਾਂ ਕਿਹਾ ਕਿ ਬਹੁਤ ਲੋਕਾਂ ਦੀ ਦੂਜੀ ਅਤੇ ਪ੍ਰੀਕਾਸ਼ਨਰੀ ਖੁਰਾਕ ਡਿਊ ਹੈ, ਉਹ ਆਪਣੀ ਬਣਦੀ ਡੋਜ ਜਰੂਰ ਲਗਵਾ ਲੈਣ। ਪੰਜਾਬ ਸਰਕਾਰ ਵੱਲੋਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੀ ਸਾਰੇ ਨਾਗਰਿਕਾਂ ਨੂੰ ਮੁਕੰਮਲ ਕੋਵਿਡ-19 ਟੀਕਾਕਰਨ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਟੀਕਾਕਰਣ ਦੀਆਂ ਪੂਰਨ ਖੁਰਾਕਾਂ ਲੈ ਕੇ ਹੀ ਕੋਰੋਨਾ ਵਿਰੁੱਧ ਸੰਪੂਰਨ ਇਮਿਊਨਿਟੀ ਪੈਦਾ ਕੀਤੀ ਜਾ ਸਕਦੀ ਹੈ। ਇਸ ਸਮੇਂ ਡਾ. ਰਸ਼ਮੀ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਕੋਰੋਨਾ ਟੀਕਾਕਰਣ ਕਰਵਾਉਣਾ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਰੋਨਾ ਦੀ ਆਉਣ ਵਾਲੀ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਜੋ ਵਿਅਕਤੀ ਦੂਜੀ ਖੁਰਾਕ ਮਿਸ ਕਰਦਾ ਹੈ ਤਾਂ ਉਸ ਲਈ ਕੋਵਿਡ-19 ਪੋਜ਼ੀਟਿਵ ਹੋਣ ਦਾ ਖਤਰਾ ਬਣ ਸਕਦਾ ਹੈ। ਉਹਨਾਂ ਦੱਸਿਆ ਕਿ ਪਹਿਲੀ ਖੁਰਾਕ ਲਗਾਉਣ ਨਾਲ 50 ਪ੍ਰਤੀਸ਼ਤ ਸੁਰੱਖਿਆ ਮਿਲਦੀ ਹੈ, ਪਰ ਦੂਜੀ ਖੁਰਾਕ ਲਗਾਉਣ ਨਾਲ ਲਗਭਗ 90 ਪ੍ਰਤੀਸ਼ਤ ਤੱਕ ਸੁਰੱਖਿਆ ਵੱਧ ਜਾਂਦੀ ਹੈ ਜੋ ਕਿ ਪ੍ਰੀਕਾਸ਼ਨਰੀ ਡੋਜ ਲਗਵਾਉਣ ਨਾਲ ਲੰਬੇ ਸਮੇਂ ਤੱਕ ਸੁਰੱਖਿਆ ਬਣੀ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ 75 ਦਿਨਾਂ ਲਈ ਅਜਾਦੀ ਦੀ 75ਵੀਂ ਵਰ੍ਹੇਗੰਢ ਤੇ ਪ੍ਰੀਕਾਸ਼ਨਰੀ ਡੋਜ ਦੀ ਦਿੱਤੀ ਗਈ ਵਿਸ਼ੇਸ਼ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ। ਇਸ ਸਮੇਂ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਅਪੀਲ ਕੀਤੀ ਕਿ ਲੋਕ ਸਰਕਾਰ ਵੱਲੋਂ ਕੋਰੋਨਾ ਸੰਬੰਧੀ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰਨ ਤਾਂ ਜੋ ਇਸ ਬਿਮਾਰੀ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਜਨਤਕ ਥਾਵਾਂ ਅਤੇ ਇਕੱਠ ਵਿੱਚ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੇ ਹੱਥ ਸਮੇਂ-ਸਮੇਂ ਸਾਬਣ ਪਾਣੀ ਨਾਲ ਧੋਣੇ ਚਾਹੀਦੇ ਹਨ ਜਾਂ ਹੈਂਡ ਸੈਨੇਟਾਈਜਰ ਦੀ ਵਰਤੋਂ ਕਰਨੀ ਚਾਹੀਦੀ ਹੈ।
Author: Malout Live