ਡਾ. ਓਬਰਾਏ ਨੂੰ ਪੈਰਿਸ 'ਚ ਕੌਮਾਂਤਰੀ 'ਸ਼ਾਂਤੀ ਦੂਤ' ਪੁਰਸਕਾਰ ਤੇ ਪਾਸਪੋਰਟ ਨਾਲ ਨਿਵਾਜਿਆ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਦੁਬਈ ਸਥਿਤ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ ਸਿੰਘ ਓਬਰਾਏ ਨੂੰ ਉਨ੍ਹਾਂ ਦੇ ਲੋਕ ਭਲਾਈ ਕਾਰਜਾਂ ਬਦਲੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ 'ਸ਼ਾਂਤੀਦੂਤ' ਦੇ ਕੌਮਾਂਤਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਅਰਵਿੰਦਰ ਪਾਲ ਸਿੰਘ ਚਹਿਲ ਬੂੜਾ ਗੁੱਜਰ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬੀਤੇ ਦਿਨੀਂ 'ਇੰਟਰਨੈਸ਼ਨਲ ਚੈਰਿਟੀ ਫਾਊਂਡੇਸ਼ਨ ਹਿਊਮੈਨੀਟੇਰੀਅਨ ਇੰਟਰੈਕਸ਼ਨ' ਅਤੇ 'ਯੂਨਾਈਟਿਡ ਨੇਸ਼ਨਜ਼ ਗਲੋਬਲ ਕੰਪੈਕਟ ਯੂ਼.ਐੱਸ.ਏ' ਨਾਮਕ ਸੰਸਥਾਵਾਂ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਾ. ਓਬਰਾਏ ਨੂੰ ਇਹ ਪੁਰਸਕਾਰ ਭੇਂਟ ਕੀਤਾ ਗਿਆ। ਡਾ. ਓਬਰਾਏ ਨੂੰ ਇਸ ਮੌਕੇ 'ਸ਼ਾਂਤੀਦੂਤ' ਦੇ ਪ੍ਰਮਾਣ ਪੱਤਰ ਦੇ ਨਾਲ-ਨਾਲ 'ਅੰਬੈਸਡਰ ਫਾਰ ਪੀਸ ਪਾਸਪੋਰਟ' ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਓਬਰਾਏ ਵੱਲੋਂ ਬਿਨ੍ਹਾਂ ਕੋਈ ਪੈਸਾ ਇਕੱਠਾ ਕੀਤਿਆਂ ਆਪਣੀ ਕਮਾਈ ਵਿੱਚੋਂ ਹਰ ਮਹੀਨੇ ਕਰੋੜਾਂ ਰੁਪਏ ਖਰਚ ਕਰਕੇ ਸੰਸਾਰ ਭਰ ਵਿੱਚ ਦੇਸ਼ਾਂ, ਧਰਮਾਂ, ਰੰਗਾਂ ਤੇ ਨਸਲਾਂ ਦੀਆਂ ਵਲਗਣਾਂ ਤੋਂ ਉੱਚੇ ਉੱਠਦਿਆਂ ਲੋੜਵੰਦਾਂ ਦੀ ਕੀਤੀ ਜਾ ਰਹੀ ਮੱਦਦ ਨੂੰ ਮੁੱਖ ਰੱਖਦਿਆਂ ਇੰਟਰ-ਯੂਨੀਵਰਸਿਟੀ ਹਾਇਰ ਅਕੈਡਮਿਕ ਕੌਂਸਲ ਵੱਲੋਂ
ਡਾ. ਓਬਰਾਏ ਨੂੰ 'ਪ੍ਰੋਫੈਸਰ ਆਫ਼ ਦਿ ਯੂਨੀਵਰਸਿਟੀ ਕੌਂਸਲ' ਦੇ ਵਕਾਰੀ ਰੁਤਬੇ ਨਾਲ ਵੀ ਨਿਵਾਜਿਆ ਗਿਆ। ਇਸੇ ਦੌਰਾਨ 'ਸਾਇੰਸ ਫਾਰ ਪੀਸ-ਵਰਲਡ ਸਾਇੰਟਿਫਿਕ ਕਾਂਗਰਸ ਪੈਰਿਸ' ਦੁਆਰਾ ਗੋਲਡ ਮੈਡਲ ਵੀ ਪ੍ਰਦਾਨ ਕੀਤਾ ਗਿਆ ਹੈ। ਡਾ. ਐੱਸ.ਪੀ ਸਿੰਘ ਓਬਰਾਏ ਦੀ ਇਸ ਵਕਾਰੀ ਤੇ ਮਾਣਮੱਤੀ ਪ੍ਰਾਪਤੀ ਨਾਲ ਪੰਜਾਬੀਅਤ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦਾ ਪਸਾਰਾ ਵੇਖਿਆ ਜਾ ਰਿਹਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਅਰਵਿੰਦਰ ਪਾਲ ਸਿੰਘ ਚਹਿਲ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ, ਬਲਵਿੰਦਰ ਸਿੰਘ ਬਰਾੜ, ਮਲਕੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਸੋਮਨਾਥ, ਚਰਨਜੀਤ ਸਿੰਘ, ਸੁਖਬੀਰ ਸਿੰਘ ਜ਼ੈਲਦਾਰ , ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ, ਅਸ਼ੋਕ ਕੁਮਾਰ, ਬਰਨੇਕ ਸਿੰਘ ਰਿਟਾਇਰਡ ਲੈਕਚਰਾਰ, ਜਸਵਿੰਦਰ ਸਿੰਘ ਮਣਕੂ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ਼੍ਰੀ ਮੁਕਤਸਰ ਸਾਹਿਬ ਟੀਮ ਦੇ ਮੈਂਬਰ ਹਾਜ਼ਿਰ ਸਨ। Author: Malout Live