ਕਰੋਨਾ ਵਾਇਰਸ ਦੇ ਟਾਕਰੇ ਲਈ ਸਾਰੇ ਪ੍ਰਬੰਧ ਮੁਕੰਮਲ ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 6 ਮਾਰਚ:- ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਅੱਜ ਇੱਥੇ ਮੀਡੀਆ ਕਰਮੀਆਂ ਨਾਲ ਇਕ ਬੈਠਕ ਕਰਕੇ ਉਨਾਂ ਨੂੰ ਜਿੱਥੇ ਕਰੋਨਾ ਦੀ ਅਗਾਊ ਰੋਕਥਾਮ ਲਈ ਜ਼ਿਲੇ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਉਨਾਂ ਨੇ ਮੀਡੀਆ ਕਰਮੀਆਂ ਦੀ ਖੁਦ ਦੀ ਸੁਰੱਖਿਆ ਸਬੰਧੀ ਵੀ ਉਨਾਂ ਨੂੰ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਰ ਮੁਸੀਬਤ ਦੇ ਟਾਕਰੇ ਲਈ ਪੂਰੀ ਤਿਆਰੀ ਕੀਤੀ ਹੋਈ ਹੈ। ਉਨਾਂ ਨੇ ਦੱਸਿਆ ਕਿ ਇਸ ਸਮੇਂ ਸਹੀ ਸੂਚਨਾ ਦਾ ਹੀ ਲੋਕਾਂ ਤੱਕ ਪ੍ਰਵਾਹ ਹੋਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਇਸ ਲਈ ਸਿਹਤ ਵਿਭਾਗ ਵੱਲੋਂ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿੱਥੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕਾਲ ਕਰਕੇ ਕੋਈ ਵੀ ਕਰੋਨਾ ਵਾਇਰਸ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਹੈਲਪਲਾਈਨ  ਦਾ ਨੰਬਰ 01633 264792 ਹੈ। ਉਨਾਂ ਨੇ ਮੀਡੀਆ ਕਰਮੀਆਂ ਨੂੰ ਵੀ ਭੀੜਭਾੜ ਵਾਲੀਆਂ ਥਾਂਵਾਂ ਤੇ ਜਾਣ ਸਮੇਂ ਸਾਵਧਾਨੀ ਰੱਖਣ ਲਈ ਕਿਹਾ। ਉਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਮਾਸਕ ਦੀ ਕਾਲਾਬਜਾਰੀ ਕੀਤੀ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਨੇ ਕਿਹਾ ਜ਼ਿਲਾ ਵਾਸੀਆਂ ਨੂੰ ਭੀੜਭਾੜ ਵਾਲੀਆਂ ਥਾਂਵਾਂ ਤੇ ਘੱਟ ਜਾਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਭਿਆਨ ਚਲਾਇਆ ਜਾਵੇਗਾ। ਇਸ ਮੌਕੇ ਸਿਵਲ ਸਰਜਨ ਡਾ: ਐਚ.ਐਨ. ਸਿੰਘ ਨੇ ਦੱਸਿਆ ਕਿ ਜੇਕਰ ਮਨੁੱਖ ਸਿਹਤਮੰਦ ਹੈ ਤਾਂ ਉਸਨੂੰ ਮਾਸਕ ਪਹਿਣਨ ਦੀ ਜਰੂਰਤ ਨਹੀਂ ਹੈ। ਉਨਾਂ ਨੇ ਕਿਹਾ ਕਿ ਸਾਵਧਾਨੀ ਜਰੂਰ ਰੱਖੀ ਜਾਵੇ। ਉਨਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਲੱਛਣਾਂ ਵਿਚ ਬੁਖਾਰ, ਸੁੱਕੀ ਖੰਘ, ਭਾਰੀ ਥਕਾਵਟ ਆਦਿ ਲੱਛਣ ਹਨ। ਉਨਾਂ ਨੇ ਕਿਹਾ ਕਿ ਪੰਜਾਬ ਵਿਚ ਕਿਤੇ ਵੀ ਕੋਈ ਵੀ ਕਰੋਨਾ ਵਾਇਰਸ ਦੇ ਮਰੀਜ ਨਹੀਂ ਮਿਲਿਆ ਹੈ।