ਪੰਜਾਬ ’ਚ ਅੱਜ ਕਈ ਥਾਈਂ ਭਾਰੀ ਮੀਂਹ ਸੰਭਵ
ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਕਈ ਥਾਈਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਗੜੇ ਵੀ ਪੈ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਵੀ ਮੌਸਮ ਦੇ ਖਰਾਬ ਰਹਿਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲੀਆਂ ਅਤੇ ਹਲਕੀ ਵਰਖਾ ਹੋਈ।
ਹਿਮਾਚਲ ਦੇ ਉਚੇਰੇ ਇਲਾਕਿਆਂ ਵਿਚ ਬਰਫਬਾਰੀ ਦੀ ਖਬਰ ਹੈ। ਇਸ ਕਾਰਣ ਮੈਦਾਨੀ ਇਲਾਕਿਆਂ ਵਿਚ ਲੋਕਾਂ ਨੂੰ ਇਕ ਵਾਰ ਮੁੜ ਹਲਕੀ ਠੰਡ ਮਹਿਸੂਸ ਹੋਈ। ਵੀਰਵਾਰ ਸਵੇਰ ਤੱਕ ਹਿਸਾਰ ਵਿਚ 9, ਕਰਨਾਲ ਵਿਚ 23, ਰੋਹਤਕ ਵਿਚ 31, ਸਿਰਸਾ ਵਿਚ 11, ਜੰਮੂ ’ਚ 20 ਮਿ.ਮੀ. ਮੀਂਹ ਪਿਆ। ਅੰਮ੍ਰਿਤਸਰ ਵਿਚ ਵੀ ਦਰਮਿਆਨੀ ਵਰਖਾ ਹੋਈ। ਸ਼੍ਰੀਨਗਰ ਵਿਚ ਵੀ ਮੀਂਹ ਪਿਆ। ਮੀਂਹ ਕਾਰਣ ਵੱਖ-ਵੱਖ ਖੇਤਰਾਂ ਵਿਚ ਘੱਟੋ-ਘੱਟ ਤਾਪਮਾਨ ਕੁਝ ਘਟ ਗਿਆ। ਚੰਡੀਗੜ੍ਹ ਵਿਚ 14, ਅੰਬਾਲਾ ਵਿਚ 13, ਕਰਨਾਲ ਵਿਚ 12, ਨਾਰਨੌਲ ਵਿਚ 11, ਅੰਮ੍ਰਿਤਸਰ ਵਿਚ 13, ਲੁਧਿਆਣਾ ਵਿਚ 11, ਪਟਿਆਲਾ ਵਿਚ 14, ਜਲੰਧਰ ਨੇੜੇ ਆਦਮਪੁਰ ਵਿਚ 12, ਬਠਿੰਡਾ ਵਿਚ 13, ਗੁਰਦਾਸਪੁਰ ਵਿਚ 9 ਅਤੇ ਦਿੱਲੀ ਵਿਚ 14 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਦੇ ਪ੍ਰਮੁੱਖ ਸੈਲਾਨੀ ਕੇਂਦਰਾਂ ਨਾਰਕੰਡਾ ਅਤੇ ਮਨਾਲੀ ਵਿਚ ਬੁੱਧਵਾਰ ਰਾਤ ਸ਼ੁਰੂ ਹੋਈ ਹਲਕੀ ਬਰਫਬਾਰੀ ਵੀਰਵਾਰ ਸਵੇਰੇ ਵੀ ਜਾਰੀ ਸੀ। ਕੇਲਾਂਗ ਵਿਚ 6, ਕੋਠੀ ਵਿਚ 3, ਗੇਂਦਲਾ ਵਿਚ 5 ਅਤੇ ਨਾਰਕੰਡਾ ਵਿਚ 3 ਸੈਂਟੀਮੀਟਰ ਤੱਕ ਬਰਫਬਾਰੀ ਹੋਈ। ਸੂਬੇ ਵਿਚ ਅਗਲੇ 2 ਦਿਨ ਤੱਕ ਹੋਰ ਬਰਫਬਾਰੀ ਹੋਣ ਦੀ ਸੰਭਾਵਨਾ ਹੈ।