ਸਿਵਲ ਹਸਪਤਾਲ ਮਲੋਟ ਵਿੱਚ ਮਨਾਇਆ ਗਿਆ ਵਿਸ਼ਵ ਆਬਾਦੀ ਦਿਵਸ
ਮਲੋਟ:- ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸੀਨੀਅਰ ਮੈਡੀਕਲ ਅਫ਼ਸਰ ਮਲੋਟ ਡਾ. ਰਸ਼ਮੀ ਚਾਵਲਾ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਇਸ ਸਮੇਂ ਡਾ. ਰਸ਼ਮੀ ਚਾਵਲਾ ਵੱਲੋਂ ਦੱਸਿਆ ਗਿਆ ਕਿ ਕਿਸੇ ਵੀ ਦੇਸ਼ ਦੀ ਆਬਾਦੀ, ਮਨੁੱਖੀ ਸਰੋਤ ਵਜੋਂ ਉਸ ਦੇ ਲਈ ਲਾਭਦਾਇਕ ਹੋ ਸਕਦੀ ਹੈ, ਪਰ ਲਾਗਾਤਾਰ ਬੇਕਾਬੂ ਹੋ ਰਹੀ ਆਬਾਦੀ ਵੀ ਉਸੇ ਦੇਸ਼ ਲਈ ਪਰੇਸ਼ਾਨੀ ਦਾ ਵੱਡਾ ਕਾਰਨ ਬਣ ਸਕਦੀ ਹੈ। ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਤੇ ਗਰੀਬੀ ਬੇਕਾਬੂ ਆਬਾਦੀ ਦਾ ਹੀ ਨਤੀਜਾ ਹਨ। ਵੱਧ ਰਹੀ ਅਬਾਦੀ ਦੀ ਇਸ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਪਰਿਵਾਰਿਕ ਯੋਜਨਾਬੰਦੀ ਵਰਗੇ ਹੱਲ ਵਰਤੇ ਜਾ ਰਹੇ ਹਨ, ਪਰ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ, ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਰਿਹਾ।
ਵਿਸ਼ਵ ਆਬਾਦੀ ਦਿਵਸ 11 ਜੁਲਾਈ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕਰਕੇ ਬੇ-ਲੋੜੀ ਵੱਧ ਰਹੀ ਆਬਾਦੀ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸੀਨੀਅਰ ਸਟਾਫ਼ ਨਰਸ ਸਵਰਨਜੀਤ ਕੌਰ ਵੱਲੋਂ ਪਰਿਵਾਰ ਨਿਯੋਜਨ ਦੇ ਮੁੱਦੇ 'ਤੇ ਲੋਕਾਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਜੈਂਡਰ ਇਕੂਐਲਟੀ, ਮਾਂ ਅਤੇ ਬੱਚੇ ਦੀ ਸਿਹਤ, ਜੈਂਡਰ ਐਜੂਕੇਸ਼ਨ, ਗਰਭਨਿਰੋਧਕ ਦਵਾਈਆਂ ਦੀ ਵਰਤੋਂ ਅਤੇ ਗੰਭੀਰ ਵਿਸ਼ਿਆਂ ਬਾਰੇ ਲੋਕਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮੇਂ ਡਾ. ਵਿਕਾਸ ਬਾਂਸਲ ਅਤੇ ਸੁਖਨਪਾਲ ਸਿੰਘ ਵੱਲੋਂ ਵੱਧ ਰਹੀ ਅਬਾਦੀ ਨੂੰ ਰੋਕਣ ਲਈ ਵਰਤੇ ਜਾਂਦੇ ਸਥਾਈ ਅਤੇ ਅਸਥਾਈ ਤਰੀਕਿਆਂ ਬਾਰੇ ਜਾਣੂਮ ਕਰਵਾਇਆ ਗਿਆ ਅਤੇ ਲੋਕਾਂ ਨੂੰ ਵੱਖ-ਵੱਖ ਕਿਸਮਾਂ ਦੇ ਗਰਭ ਨਿਰੋਧ ਬਾਰੇ ਵੀ ਦੱਸਿਆ ਗਿਆ ਤਾਂ ਜੋ ਇਨ੍ਹਾਂ ਤਰੀਕਿਆਂ ਨੂੰ ਅਪਣਾ ਸਕਣ ਅਤੇ ਵੱਧ ਰਹੀ ਆਬਾਦੀ ਨੂੰ ਰੋਕਿਆ ਜਾ ਸਕੇ। Author: Malout Live