ਸੀ.ਐੱਚ.ਸੀ ਲੰਬੀ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ

ਮਲੋਟ(ਲੰਬੀ):- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਐੱਸ.ਐੱਮ.ਓ ਲੰਬੀ ਡਾ. ਪਵਨ ਮਿੱਤਲ ਦੀ ਯੋਗ ਅਗਵਾਈ ਹੇਠ ਅੱਜ ਸੀ.ਐੱਚ.ਸੀ ਲੰਬੀ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਵਿਸ਼ਵ ਅਬਾਦੀ ਦਿਵਸ ਦੀ ਸ਼ੁਰੂਆਤ 1989 ਵਿੱਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ) ਦੀ ਗਵਰਨਿੰਗ ਕਾਂਊਸਿਲ ਵੱਲੋਂ ਕੀਤੀ ਗਈ ਤਾਂ ਜੋ ਵਿਸ਼ਵ ਭਰ ਵਿੱਚ ਲਗਾਤਾਰ ਵੱਧ ਰਹੀ ਆਬਾਦੀ ਨੂੰ ਕਾਬੂ ਕਰਨ ਲਈ ਲੋਕਾਂ ਵਿੱਚ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨਾਂ ਕਿਹਾ ਇਸ ਦਿਨ ਦੁਨੀਆ ਭਰ ਵਿੱਚ ਪਰਿਵਾਰ ਨਿਯੋਜਨ, ਨਾਗਰਿਕ ਅਧਿਕਾਰਾਂ, ਲੈਂਗਿਕ ਸਮਾਨਤਾ, ਜੱਚਾ-ਬੱਚਾ ਸਿਹਤ ਆਦਿ ਗੰਭੀਰ ਵਿਸ਼ਿਆਂ ਤੇ ਚਰਚਾ ਅਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਤਾਂ ਜੋ ਵੱਧਦੀ ਆਬਾਦੀ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ।

ਇਸ ਮੌਕੇ ਡਾ. ਸ਼ਕਤੀਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਹਤ ਵਿਭਾਗ ਵੱਲੋਂ 24 ਜੁਲਾਈ ਤੱਕ ਵਿਸ਼ਵ ਅਬਾਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਪਰਿਵਾਰ ਨਿਯੋਜਨ ਦੀਆਂ ਸਾਰੀਆਂ ਸਹੂਲਤਾਂ ਸਰਕਾਰੀ ਸਿਹਤ ਕੇਂਦਰਾਂ ਤੇ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਨਸਬੰਦੀ, ਨਲਬੰਦੀ, ਕਾੱਪਰ ਟੀ ਆਦਿ ਦੇ ਮੂਫਤ ਕੈਂਪ ਸਰਕਾਰੀ ਸਿਹਤ ਕੇਂਦਰਾਂ ਵਿਖੇ ਲਗਾਏ ਜਾ ਰਹੇ ਹਨ ਅਤੇ ਪਰਿਵਾਰ ਨਿਯੋਜਨ ਦੇ ਕੱਚੇ ਸਾਧਨ ਜਿਵੇਂ ਕਿ ਛਾਇਆ ਗਰਭ ਨਿਰੋਧਕ ਗੋਲੀਆਂ, ਅੰਤਰਾ ਟੀਕਾ, ਨਿਰੋਧ ਆਦਿ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਵੱਧ ਰਹੀ ਅਬਾਦੀ ਤੇ ਠੱਲ ਪਾਉਣ ਲਈ ਪਰਿਵਾਰ ਨਿਯੋਜਨ ਦੇ ਇਨ੍ਹਾਂ ਸਾਧਨਾਂ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਚੀਫ ਫਾਰਮੇਸੀ ਅਫਸਰ ਅਜੇਸ਼ ਕੁਮਾਰ, ਫਾਰਮੇਸੀ ਅਫਸਰ ਜੁਗੇਸ਼ ਕੁਮਾਰ, ਸਟਾਫ ਨਰਸ ਪਰਮਜੀਤ ਕੌਰ, ਸਿਹਤ ਸੁਪਰਵਾਇਜ਼ਰ ਫੀ-ਮੇਲ ਸਰਬਜੀਤ ਕੌਰ, ਏ.ਐੱਨ.ਐਮ ਪੁਸ਼ਪਾ ਰਾਣੀ ਅਤੇ ਸੁਖਜੀਤ ਕੌਰ, ਮੇਲ ਵਰਕਰ ਜਗਦੇਵ ਰਾਜ, ਆਸ਼ਾ ਵਰਕਰਾਂ ਤੇ ਨਰਸਿੰਗ ਦੀਆਂ ਵਿਦਿਆਰਥਣਾਂ ਹਾਜ਼ਿਰ ਸਨ। Author: Malout Live