ਪਿੰਡ ਬਲੋਚਕੇਰਾ ਫ਼ਰੀਦ ਖੇੜਾ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਦਸਤਾਰ ਮੁਕਾਬਲਾ
ਮਲੋਟ:- ਪਿੰਡ ਬਲੋਚਕੇਰਾ ਫ਼ਰੀਦ ਖੇੜਾ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਮਹਾਨ ਦਸਤਾਰ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 70 ਪ੍ਰਤੀਯੋਗੀਆਂ ਨੇ ਭਾਗ ਲਿਆ। ਗੁਰਦੁਆਰਾ ਨਾਨਕਸਰ ਸਾਹਿਬ ਫ਼ਰੀਦ ਖੇੜਾ ਦੇ ਪ੍ਰਬੰਧਕਾਂ ਗੁਰਮਤਿ ਰਾਗੀ ਸਭਾ ਮਲੋਟ , ਗੁਰੂ ਰਾਮਦਾਸ ਸੇਵਾ ਸੁਸਾਇਟੀ ਬਲੋਚਕੇਰਾ ਅਤੇ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪ੍ਰਬੰਧ ਕੀਤੇ ਗਏ ਇਸ ਦਸਤਾਰ ਮੁਕਾਬਲੇ ਵਿੱਚ ਉਤਸ਼ਾਹ ਨਾਲ ਨੌਜਵਾਨਾਂ ਨੇ ਭਾਗ ਲਿਆ। ਇਸ ਮੌਕੇ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਦੇ ਲੰਬੀ ਹਲਕੇ ਦੇ ਕੋਆਰਡੀਨੇਟਰ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਦਸਤਾਰ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਪਣੇ ਪੁਰਾਤਨ ਸੱਭਿਆਚਾਰਕ ਵਿਰਸੇ ਨਾਲ ਜੋੜ ਕੇ ਇਤਿਹਾਸ ਦੀ ਜਾਣਕਾਰੀ ਦੇਣਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿੰਦਿਆਂ ਹੋਇਆਂ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ
ਤਾਂ ਜੋ ਆਉਣ ਵਾਲਾ ਪੰਜਾਬ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਇਸ ਮੌਕੇ ਦਸਤਾਰ ਮੁਕਾਬਲੇ ਵਿਚ ਜੱਜਮੈਂਟ ਦੀ ਭੂਮਿਕਾ ਬਲਦੇਵ ਸਿੰਘ ਸਾਹੀਵਾਲ ਮਲੋਟ, ਗੁਰਸੇਵਕ ਸਿੰਘ ਫਾਜ਼ਿਲਕਾ, ਪ੍ਰਭਜੋਤ ਸਿੰਘ ਫਾਜ਼ਿਲਕਾ ਨੇ ਨਿਭਾਈ। ਇਸ ਮੌਕੇ ਜੇਤੂ ਪ੍ਰਤੀਯੋਗੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਜੀਵਨ ਸਿੰਘ ਪੁੱਤਰ ਬਲਜਿੰਦਰ ਸਿੰਘ ਰਾੜਾ ਸਾਹਿਬ ਨੂੰ 5100 ਰੁਪਏ ਨਗਦ ਸਨਮਾਨ ਚਿੰਨ੍ਹ ਅਤੇ ਮੈਡਲ, ਦੂਸਰਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀ ਜਸਪ੍ਰੀਤ ਸਿੰਘ ਪੁੱਤਰ ਕਮਲਜੀਤ ਸਿੰਘ ਲੁਧਿਆਣਾ ਨੂੰ 3100 ਰੁਪਏ ਨਗਦ, ਸਨਮਾਨ ਚਿੰਨ੍ਹ ਅਤੇ ਮੈਡਲ, ਤੀਸਰਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀ ਤਰੁਨਜੋਤ ਸਿੰਘ ਪੁੱਤਰ ਜਸਪ੍ਰੀਤ ਸਿੰਘ ਲੁਧਿਆਣਾ ਨੂੰ 1100 ਰੁਪਏ ਨਗਦ, ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਸਤਾਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਹਰੇਕ ਪ੍ਰਤਿਯੋਗੀ ਨੂੰ ਪ੍ਰਬੰਧਕਾਂ ਵੱਲੋਂ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਜੱਸਾ ਸਿੰਘ ਜੇ.ਈ, ਬਲਜੀਤ ਸਿੰਘ ਜੇ.ਈ ਵੱਲੋਂ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।