ਸਾਈਬਰ ਅਪਰਾਧੀਆਂ ਨੂੰ ਠੱਲ ਪਾਉਣ ਵਾਲੀ ਮਹਿਲਾ ਪੁਲਿਸ ਅਧਿਕਾਰੀ ਨੂੰ ਮਿਲੀ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੀ ਵੱਡੀ ਜਿੰਮੇਵਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਐੱਸ.ਐੱਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਪੁਲਿਸ ਮੁਲਾਜਮਾਂ ਦਾ ਰਿਕਾਰਡ ਅਤੇ ਲੋਕ-ਹਿੱਤਾਂ ਵਾਸਤੇ ਕੰਮ ਕਰਨ ਦੀ ਯੋਗਤਾ ਦਾ ਬਾਰੀਕੀ ਨਾਲ ਮੁਲਾਂਕਣ ਕਰਨ ਉਪਰੰਤ ਕੀਤੇ ਗਏ ਅਹਿਮ ਤਬਾਦਲਿਆਂ ਅਤੇ ਨਿਯੁਕਤੀਆਂ ਵਿੱਚ ਜ਼ਿਲ੍ਹਾ ਸਾਈਬਰ ਕ੍ਰਾਈਮ ਸੈੱਲ ਵਿੱਚ ਸੇਵਾਵਾਂ ਨਿਭਾਅ ਰਹੀ ਮਹਿਲਾ ਸਬ- ਇੰਸਪੈਕਟਰ ਰਵਿੰਦਰ ਕੌਰ ਬਰਾੜ ਦੀਆਂ ਜਿੰਮੇਵਾਰੀਆਂ ਵਿੱਚ ਵਾਧਾ ਕੀਤਾ ਗਿਆ। ਐੱਸ .ਆਈ ਰਵਿੰਦਰ ਕੌਰ ਬਰਾੜ ਨੇ ਸਾਈਬਰ-ਕ੍ਰਾਈਮ ਸੈੱਲ ਵਿੱਚ ਕੰਮ ਕਰਦਿਆਂ ਠੱਗੀ-ਧੋਖਿਆਂ ਦਾ ਸਕਾਰ ਹੋ ਕੇ ਲੱਖਾਂ ਰੁਪਿਆ ਗਵਾ ਚੁੱਕੇ ਪੀੜ੍ਹਿਤਾਂ ਦੇ ਲੱਖਾਂ ਰੁਪਏ, ਜਾਲਸਾਜਾਂ ਤੋਂ ਵਾਪਿਸ ਕਰਵਾਏ ਅਤੇ ਅਜਿਹੀਆਂ ਆਨ-ਲਾਈਨ ਠੱਗੀਆਂ ਕਰਨ ਵਾਲਿਆਂ ਖਿਲਾਫ਼ ਪਰਚੇ ਦਰਜ ਕਰਕੇ ਇਹਨਾਂ ਠੱਗਾਂ ਨੂੰ ਜੇਲ੍ਹਾਂ ਵਿੱਚ ਪਹੁੰਚਾਇਆ।
ਦੱਸਣਯੋਗ ਹੈ ਕਿ ਬੀਤੇ 6-7 ਹਫਤਿਆਂ ਤੋਂ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੀ ਕਾਰਗੁਜਾਰੀ ਅਤੇ ਟ੍ਰੈਫਿਕ ਸੈੱਲ ਸਵਾਲਾਂ ਦੇ ਘੇਰੇ ਵਿੱਚ ਆ ਰਿਹਾ ਸੀ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਨੇ ਟ੍ਰੈਫਿਕ ਵਿਵਸਥਾ ਦੀ ਕਮਾਨ ਐੱਸ.ਆਈ ਰਵਿੰਦਰ ਕੌਰ ਬਰਾੜ ਨੂੰ ਸੌਂਪ ਦਿੱਤੀ, ਕਿਉਂਕਿ ਬੀਤੇ ਸਮੇਂ ਵਿੱਚ ਭੀੜ- ਭਾੜ ਵਾਲੀਆਂ ਥਾਵਾਂ ‘ਤੇ ਹੋਣ ਵਾਲੇ ਹਾਦਸਿਆਂ ਨੂੰ ਬਚਾਉਣ ਦੇ ਨਾਲ-ਨਾਲ, ਸੁਚਾਰੂ ਪ੍ਰਬੰਧਾਂ ਦੀ ਮਿਸਾਲ ਬਣ ਕੇ ਉਕਤ ਮਹਿਲਾ ਅਧਿਕਾਰੀ ਸੇਵਾਵਾਂ ਨਿਭਾਅ ਚੁੱਕੀ ਹੈ। ਜ਼ਿਲ੍ਹਾ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਿਆਉਣ ਅਤੇ ਅਗਾਊਂ ਧੁੰਦ ਦੇ ਮੌਸਮ ਵਿੱਚ ਕੀਮਤੀ ਜਿੰਦਗੀਆਂ ਨੂੰ ਬਚਾਉਣ ਦੇ ਉਦੇਸ਼ ਨਾਲ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਹਿਲਾ ਸਬ-ਇੰਸਪੈਕਟਰ ਰਵਿੰਦਰ ਕੌਰ ਬਰਾੜ ਨੂੰ ਨਿਯੁਕਤ ਕਰ ਦਿੱਤਾ। ਸਾਈਬਰ-ਕ੍ਰਾਈਮ ਖਿਲਾਫ਼ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਉਕਤ ਮਹਿਲਾ ਅਧਿਕਾਰੀ ਤੋਂ ਸਮਾਜ ਨੂੰ ਵੱਡੀ ਆਸ ਹੈ। Author: Malout Live