ਸਿਹਤ ਵਿਭਾਗ ਵੱਲੋਂ ਵਿਸ਼ਵ ਏਡਜ਼ ਦਿਵਸ ਸੰਬੰਧੀ ਆਦੇਸ਼ ਨਰਸਿੰਗ ਕਾਲਜ ਵਿਖੇ ਕੀਤਾ ਗਿਆ ਜ਼ਿਲ੍ਹਾ ਪੱਧਰੀ ਸਮਾਗਮ
ਮਲੋਟ: ਵਿਸ਼ਵ ਏਡਜ਼ ਦਿਵਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਦੀ ਪ੍ਰਧਾਨਗੀ ਵਿੱਚ ਆਦੇਸ਼ ਨਰਸਿੰਗ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਵ ਏਡਜ਼ ਦਿਵਸ ਦੇ ਸੰਬੰਧ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ। ਇਸ ਦੌਰਾਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਏਡਜ਼ ਬਿਮਾਰੀ ਪ੍ਰਤੀ ਅਤੇ ਬਚਾਅ ਸੰਬੰਧੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਏਡਜ਼ ਦੀ ਬੀਮਾਰੀ ਐੱਚ.ਆਈ.ਵੀ ਵਾਇਰਸ ਨਾਲ ਹੁੰਦੀ ਹੈ, ਜੋ ਸਾਡੇ ਸਰੀਰ ਤੇ ਹਮਲਾ ਕਰਕੇ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਕਿਸੇ ਵੀ ਵਿਅਕਤੀ ਨੂੰ ਖਾਂਸੀ, ਜ਼ੁਕਾਮ, ਬੁਖਾਰ ਅਤੇ ਕਮਜੋਰੀ ਆਦਿ ਲੱਛਣ ਲੰਬੇ ਸਮੇਂ ਤੋਂ ਹੋਣ ਅਤੇ ਇਲਾਜ ਦੌਰਾਨ ਫਰਕ ਨਾ ਪੈ ਰਿਹਾ ਹੋਵੇ ਤਾਂ ਉਸ ਵਿਅਕਤੀ ਨੂੰ ਐੱਚ.ਆਈ.ਵੀ./ਏਡਜ਼ ਹੋ ਸਕਦਾ ਹੈ।
ਇਸ ਲਈ ਉਸ ਨੂੰ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਐੱਚ.ਆਈ.ਵੀ. ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਈ.ਸੀ.ਟੀ.ਸੀ. ਸੈਂਟਰਾਂ ਵਿੱਚ ਐੱਚ.ਆਈ.ਵੀ. ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਏਡਜ਼ ਦੇ ਮਰੀਜ਼ਾਂ ਨੂੰ ਹੋਰ ਬੀਮਾਰੀਆਂ ਦੇ ਨਾਲ-ਨਾਲ ਟੀ.ਬੀ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਸਮਾਗਮ ਦੌਰਾਨ ਜਸਬੀਰ ਕੌਰ ਡਾਇਰੈਕਟਰ ਆਦੇਸ਼ ਨਰਸਿੰਗ ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਏਡਜ਼ ਦੇ ਬਚਾਅ ਸੰਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਲਾਲ ਚੰਦ ਜ਼ਿਲ੍ਹਾ ਹੈਲਥ ਇੰਸਪੈਕਟਰ, ਸਤਨਾਮ ਕੌਰ ਕਾਉਂਸਲਰ, ਸ਼ਿਵਪਾਲ ਸਿੰਘ ਡੀ.ਸੀ.ਐੱਮ, ਦਵਿੰਦਰ ਕੌਰ, ਰਾਬੀਆ ਅਤੇ ਅਬਰੂਨ ਵੱਲੋਂ ਏਡਜ਼ ਦੀ ਬੀਮਾਰੀ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਦੇਸ਼ ਨਰਸਿੰਗ ਕਾਲਜ ਦਾ ਸਟਾਫ਼ ਅਤੇ ਸਿੱਖਿਆਰਥੀ ਹਾਜ਼ਿਰ ਸਨ। Author: Malout Live