ਪੰਜਾਬ ਵਿੱਚ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ- ਸਿਹਤ ਮੰਤਰੀ
ਮਲੋਟ (ਪੰਜਾਬ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੰਡੀਗੜ੍ਹ ਸਥਿਤ ਸਿਹਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਵਿਖੇ ਆਯੋਜਿਤ ਇੱਕ ਰੋਜ਼ਾ ਕਪੈਸਿਟੀ ਬਿਲਡਿੰਗ ਕਮ ਟ੍ਰੇਨਿੰਗ ਵਰਕਸ਼ਾਪ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ ਫ਼ਰੀਦਕੋਟ, ਅੰਮ੍ਰਿਤਸਰ ਸਾਹਿਬ ਅਤੇ ਪਟਿਆਲਾ ਵਿੱਚ ਸਟ੍ਰੋਕ ਰੈੱਡੀ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ। ਇਹਨਾਂ ਯੂਨਿਟਾਂ ਵਿੱਚ ਦਿਮਾਗੀ ਦੌਰਾ ਜਾਂ ਬ੍ਰੇਨ ਸਟ੍ਰੋਕ ਵਾਲੇ ਮਰੀਜ਼ਾਂ ਦਾ ਤੁਰੰਤ ਇਲਾਜ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਵਚਨ ਨੂੰ ਦੁਹਰਾਉਂਦਿਆਂ ਜੌੜਾਮਾਜਰਾ ਨੇ ਕਿਹਾ ਕਿ ਹੁਣ ਤੱਕ ਗਰੀਬ ਲੋਕਾਂ ਲਈ ਇਸ ਬੀਮਾਰੀ ਦਾ ਇਲਾਜ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਹੁਣ ਇਹਨਾਂ ਸਥਾਪਿਤ ਕੀਤੇ ਜਾ ਰਹੇ ਯੂਨਿਟਾਂ ’ਚ ਲੱਗਭਗ 30000/- ਰੁਪਏ ਤੱਕ ਦੇ ਮੁੱਲ ਦਾ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ ਅਤੇ ਮਰੀਜ਼ ਦਾ ਸੀ. ਟੀ. ਸਕੈਨ ਵੀ ਮੁਫ਼ਤ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ਼ ਅਜਿਹੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਸਗੋਂ ਉਸਦੇ ਸਰੀਰ ਨੂੰ ਲਕਵਾਗ੍ਰਸਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।
ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਸਿਹਤ ਮੰਤਰੀ ਵੱਲੋਂ ਵਰਕਸ਼ਾਪ ਵਿੱਚ ਸੂਬੇ ਦੇ ਸਮੂਹ ਜ਼ਿਲ੍ਹਿਆਂ ਅਤੇ ਮੈਡੀਕਲ ਕਾਲਜਾਂ ਤੋਂ ਆਏ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਟ੍ਰੇਨਿੰਗ ਉਪਰੰਤ ਉਹ ਆਪਣੇ-ਆਪਣੇ ਹਸਪਤਾਲਾਂ ਵਿੱਚ ਜਾ ਕੇ ਇਸ ਬੀਮਾਰੀ ਦੇ ਮਰੀਜ਼ਾਂ ਦੀ ਸੇਵਾ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਾ ਆਉਣ ਦੇਣ। ਇਸ ਬੀਮਾਰੀ ਵਿੱਚ ਦਿਮਾਗੀ ਦੌਰੇ ਅਤੇ ਮਰੀਜ਼ ਦੇ ਇਲਾਜ ਦਰਮਿਆਨ ਸਮਾਂ ਬਹੁਤ ਹੀ ਮਹੱਤਵ ਰੱਖਦਾ ਹੈ, ਇਸ ਲਈ ਇਹ ਸਟ੍ਰੋਕ ਰੈੱਡੀ ਯੂਨਿਟ ਆਪਣੇ ਨਾਂ ਦੇ ਅਨੁਸਾਰ ਹੀ ਮਰੀਜ਼ ਦੇ ਇਲਾਜ ਲਈ ਹਰ ਸਮੇਂ ਤਿਆਰ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਮਰੀਜ਼ ਦਾ ਇੰਤਜ਼ਾਮ ਦੀ ਘਾਟ ਕਾਰਨ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਸਿਹਤ ਮੰਤਰੀ ਵੱਲੋਂ ਸੀ.ਐੱਮ.ਸੀ ਲੁਧਿਆਣਾ, ਪੀ.ਜੀ.ਆਈ ਚੰਡੀਗੜ੍ਹ ਦੇ ਨਿਊਰੋਲੌਜੀ ਵਿਭਾਗ ਅਤੇ ਏਂਜਲਸ ਇਨੀਸ਼ੀਏਟਿਵ ਦੀ ਵੀ ਸ਼ਲਾਘਾ ਕੀਤੀ ਗਈ, ਜਿਹਨਾਂ ਨੇ ਸਿਹਤ ਵਿਭਾਗ ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਬ੍ਰੇਨ ਸਟ੍ਰੋਕ ਦੇ ਇਲਾਜ ਸੰਬੰਧੀ ਟ੍ਰੇਨਿੰਗ ਦੇਣ ਵਿੱਚ ਸਹਾਇਤਾ ਕੀਤੀ ਹੈ। ਇਸ ਮੌਕੇ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਜੋਏ ਸ਼ਰਮਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ, ਸਹਾਇਕ ਡਾਇਰੈਕਟਰ ਡਾ. ਸੰਦੀਪ ਸਿੰਘ ਗਿੱਲ, ਡਾ. ਜੈਰਾਜ ਪਾਂਡੀਅਨ, ਪ੍ਰਿੰਸੀਪਲ ਅਤੇ ਡੀਨ ਪ੍ਰੋਫੈਸਰ ਨਿਊਰੋਲੋਜੀ, ਸੀ.ਐੱਮ.ਸੀ. ਲੁਧਿਆਣਾ ਡਾ. ਧੀਰਜ ਖੁਰਾਣਾ, ਪ੍ਰੋਫੈਸਰ, ਨਿਊਰੋਲੋਜੀ ਪੀ.ਜੀ.ਆਈ ਐੱਮ.ਈ.ਆਰ ਚੰਡੀਗੜ੍ਹ, ਏਂਜਲਸ ਇਨੀਸ਼ੀਏਟਿਵ ਦੇ ਨੈਸ਼ਨਲ ਹੈੱਡ ਵਿਲੀਅਮ ਮਸੀਹ ਵੀ ਵਰਕਸ਼ਾਪ ’ਚ ਹਾਜ਼ਿਰ ਸਨ। Author: Malout Live