ਸੀ.ਐੱਚ.ਸੀ ਆਲਮਵਾਲਾ ਦੇ ਸਟਾਫ਼ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਾਂਭ ਸੰਭਾਲ ਸੰਬੰਧੀ ਕੀਤਾ ਜਾਗਰੂਕ

ਮਲੋਟ (ਆਲਮਵਾਲਾ): ਸਿਵਲ ਸਰਜਨ ਡਾ.ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਡਾ. ਇਕਬਾਲ ਸਿੰਘ ਮੈਡੀਕਲ ਅਫ਼ਸਰ (ਡੈਂਟਲ) ਵੱਲੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਈਨਾਖੇੜ੍ਹਾ ਦੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਡਾ.ਇਕਬਾਲ ਸਿੰਘ ਵੱਲੋਂ ਜਾਂਚ ਤੋਂ ਬਾਅਦ ਬੱਚਿਆਂ ਨੂੰ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕਿ ਦੰਦਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਵੇਰੇ-ਸ਼ਾਮ ਖਾਣਾ ਖਾਣ ਤੋਂ ਬਾਅਦ ਬੁਰਸ਼ ਕਰਨਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਵੱਲੋਂ ਬੁਰਸ਼ ਕਰਨ ਦੀ ਸਹੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ।

ਉਹਨਾਂ ਕਿਹਾ ਕਿ ਸਾਨੂੰ ਦੰਦਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਲਾਦ, ਫਲ ਅਤੇ ਹਰੀਆਂ ਪੱਤੇਦਾਰ ਸਬਜੀਆਂ ਨੂੰ ਖਾਣਾ ਚਾਹੀਦਾ ਹੈ। ਖਾਣ ਵਾਲੀਆਂ ਮਿੱਠੀਆਂ ਚੀਜ਼ਾਂ ਅਤੇ ਫਾਸਟ ਫੂਡ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਜੇਕਰ ਬੱਚਿਆਂ ਦੇ ਦੰਦਾਂ ਨੂੰ ਕੋਈ ਬੀਮਾਰੀ ਹੋਵੇ ਤਾਂ ਉਸਦਾ ਸਰਕਾਰੀ ਹਸਪਤਾਲਾਂ ਵਿੱਚ ਚੈੱਕਅਪ ਕਰਵਾਉਣਾ ਚਾਹੀਦਾ ਹੈ। ਆਰ.ਬੀ.ਐੱਸ.ਕੇ ਅਧੀਨ ਬੱਚਿਆਂ ਦੇ ਦੰਦਾਂ ਦਾ ਇਲਾਜ ਮੁਫ਼ਤ ਕਰਵਾਇਆ ਜਾਂਦਾ ਹੈ। ਇਸ ਮੌਕੇ ਡਾ.ਐਸ਼ਲੀ ਗਿਰਧਰ, ਡਾ.ਅਰਪਣ ਸਿੰਘ, ਰਾਕੇਸ਼ ਗਿਰਧਰ, ਸੁਖਜੀਤ ਸਿੰਘ ਆਲਮਵਾਲਾ, ਮਨੋਜ ਕੁਮਾਰ, ਪਰਮਪਾਲ ਸਿੰਘ, ਨਿਰਮਲਜੀਤ ਕੌਰ, ਸਰਬਜੀਤ ਕੌਰ, ਜਸਪ੍ਰੀਤ ਕੌਰ ਅਤੇ ਸਕੂਲ ਦਾ ਸਟਾਫ਼ ਹਾਜ਼ਿਰ ਸੀ। Author: Malout Live