ਗੁੰਮ ਹੋਏ ਨੌਜਵਾਨ ਦਾ ਮੋਟਰਸਾਇਕਲ ਜੌੜੀਆਂ ਨਹਿਰਾਂ ਤੋਂ ਮਿਲਿਆ
ਮਲੋਟ: ਸਬ-ਡਿਵੀਜਨ ਗਿੱਦੜਬਾਹਾ ਦੇ ਪਿੰਡ ਥਰਾਜਵਾਲਾ ਦੇ ਕੋਲ ਲੰਘਦੀਆਂ ਜੋੜੀਆਂ ਨਹਿਰਾਂ 'ਤੇ ਲਾਵਾਰਿਸ ਮੋਟਰਸਾਇਕਲ ਮਿਲਣ ਉਪਰੰਤ ਪਤਾ ਲੱਗਿਆ ਕਿ ਇਹ ਮੋਟਰਸਾਇਕਲ ਪਿੰਡ ਅਬੁੱਲਖੁਰਾਣਾ ਦੇ ਨੌਜਵਾਨ ਦਾ ਹੈ। ਨੌਜਵਾਨ ਦੇ ਘਰ ਨਾ ਪਹੁੰਚਣ 'ਤੇ ਪਰਿਵਾਰ ਵਿੱਚ ਗਮ ਦਾ ਮਾਹੌਲ ਬਣ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਬੀਤੇ ਐਂਤਵਾਰ ਨੂੰ ਜਦੋਂ ਪਿੰਡ ਥਰਾਜਵਾਲਾ ਦੇ ਕੁੱਝ ਵਿਅਕਤੀ ਮਜ਼ਦੂਰੀ ਕਰਨ ਲਈ ਪਿੰਡ ਅਬੁੱਲਖੁਰਾਣਾ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਜੌੜੀਆਂ ਨਹਿਰਾਂ 'ਤੇ ਇੱਕ ਲਾਵਾਰਿਸ ਮੋਟਰਸਾਇਕਲ ਮਿਲਿਆ। ਜਿਸ ਕੋਲ ਇੱਕ ਬੈਗ ਅਤੇ ਕੁਝ ਸਾਮਾਨ ਖਿਲਰਿਆ ਪਿਆ ਸੀ।
ਜਦੋਂ ਉਨ੍ਹਾਂ ਬੈਗ ਖੋਲ੍ਹਿਆ ਤਾਂ ਉਨ੍ਹਾਂ ਨੂੰ ਇੱਕ ਆਧਾਰ ਕਾਰਡ ਮਿਲਿਆ, ਜੋ ਪਿੰਡ ਅਬੁੱਲਖੁਰਾਣਾ ਦੇ ਨੌਜਵਾਨ ਦਾ ਸੀ। ਜਦੋਂ ਉਨ੍ਹਾਂ ਪਿੰਡ ਅਬੁੱਲਖੁਰਾਣਾ ਜਾ ਕੇ ਕੁਝ ਲੋਕਾਂ ਨੂੰ ਆਧਾਰ ਕਾਰਡ ਦਿਖਾਇਆ ਤਾਂ ਪਤਾ ਲੱਗਿਆ ਕਿ ਇਹ ਆਧਾਰ ਕਾਰਡ ਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਹੈ। ਪਰਿਵਾਰ ਵਾਲਿਆਂ ਮੋਟਰਸਾਇਕਲ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਥਾਣਾ ਲੰਬੀ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪਰਿਵਾਰ ਵਾਲਿਆਂ ' ਨੇ ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਕਿ ਉਨ੍ਹਾਂ ਦਾ ਪੁੱਤਰ ਮਾਨਸਾ ਵਿਖੇ ਇੱਕ ਨਿੱਜੀ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਪਿੰਡਾਂ ਵਿੱਚੋਂ ਪੈਸਿਆਂ ਦੀ ਉਗਰਾਹੀ ਕਰਦਾ ਹੈ, ਜੋ ਕਿ ਅਕਸਰ ਸ਼ਨੀਵਾਰ ਨੂੰ ਹੀ ਪਿੰਡ ਅਬੁੱਲਖੁਰਾਣਾ ਆਉਂਦਾ ਹੈ। ਇਸ ਸੰਬੰਧੀ ਥਾਣਾ ਲੰਬੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Author: Malout Live