ਸਬ ਡਵੀਜਨ, ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਭਾਗਸਰ ਵਿਖੇ ਰੋਜਾਨਾਂ ਆਯੋਜਿਤ ਕੀਤੇ ਜਾ ਰਹੇ ਹਨ ਵੈਕਸੀਨੇਸ਼ਨ ਕੈਂਪ

ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਹੋਏ ਹੁਕਮਾਂ ਦੀ ਪਾਲਣਾ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਦੇ ਟੀਚੇ ਨੂੰ ਮੁਕੰਮਲ ਕਰਨ ਲਈ ਸਬ ਡਵੀਜਨ, ਸ਼੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਪਿੰਡ ਭਾਗਸਰ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਰੋਜਾਨਾਂ ਵੈਕਸੀਨੇਸ਼ਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪਿੰਡ ਭਾਗਸਰ ਦੇ ਸਰਪੰਚ ਸ਼੍ਰੀ ਪਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪਿੰਡ ਵਿੱਚ 18 ਸਾਲ ਤੋਂ ਵੱਧ ਉਮਰ ਦੇ ਕਰੀਬ 4600 ਵਿਅਕਤੀ ਹਨ, ਜਿਨ੍ਹਾਂ ਵਿੱਚੋਂ 972 ਵਿਅਕਤੀਆਂ ਨੇ ਵੈਕਸੀਨੇਸ਼ਨ ਕਰਵਾ ਲਈ ਹੈ ਅਤੇ ਬਾਕੀ ਰਹਿੰਦੇ 3628 ਵਿਅਕਤੀਆਂ ਦੀ ਵੈਕਸੀਨੇਸ਼ਨ ਵੀ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਲਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਭਾਗਸਰ ਵਿੱਚ ਰੋਜਾਨਾਂ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਰੋਜਾਨਾਂ ਲੱਗਣ ਵਾਲੇ ਵੈਕਸੀਨੇਸ਼ਨ ਕੈਂਪ ਵਿੱਚ ਪਹੁੰਚ ਕੇ ਮੈਡੀਕਲ ਟੀਮ ਪਾਸ ਆਪਣਾ ਨਾਮ ਦਰਜ ਕਰਵਾ ਕੇ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਕਰੋਨਾ ਵੈਕਸੀਨ ਲਗਵਾ ਸਕਦਾ ਹੈ। ਇਹ ਕੈਂਪ ਰੋਜਾਨਾਂ ਸਵੇਰੇ 08:30 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਲਦ ਤੋਂ ਜਲਦ ਪਿੰਡ ਵਿੱਚ ਵੈਕਸੀਨੇਸ਼ਨ ਦਾ 100 ਪ੍ਰਤੀਸ਼ਤ ਟੀਚਾ ਮੁਕੰਮਲ ਕਰਵਾਇਆ ਜਾਵੇਗਾ।