ਸਿਹਤ ਵਿਭਾਗ ਵੱਲੋਂ ਵਿਸ਼ਵ ਫੂਡ ਸੇਫਟੀ ਦਿਵਸ ਦੇ ਸੰਬੰਧ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਕੀਤੀ ਜਾਂਚ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਵਿਸ਼ਵ ਫੂਡ ਸੇਫਟੀ ਦਿਵਸ ਦੇ ਸੰਬੰਧ ਵਿੱਚ ਲੋਕਾਂ ਨੂੰ ਸਾਫ-ਸੁਥਰਾ ਅਤੇ ਸ਼ੁੱਧ ਭੋਜਨ ਦੀ ਵਰਤੋਂ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਫੂਡ ਟੈਸਟਿੰਗ ਵੈਨ ਰਾਹੀਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕੀਤੀ ਗਈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਹਰ ਸਾਲ 7 ਜੂਨ ਨੂੰ ਵਿਸ਼ਵ ਫੂਡ ਸੇਫਟੀ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਕਮਿਸ਼ਨਰ ਫੂਡ ਸੇਫ਼ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਵੱਖ-ਵੱਖ ਟੈਸਟਾਂ ਦੀ ਸਹੂਲਤ ਨਾਲ ਲੈਸ ਫੂਡ ਟੈਸਟਿੰਗ ਵੈਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਹੈ, ਜੋ ਹਰ ਮਹੀਨੇ ਦੇ ਪਹਿਲੇ 15 ਦਿਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦੇ ਰਹੀ ਹੈ। ਇਸ ਵੈਨ ਦਾ ਮੁੱਖ ਮੰਤਵ ਲੋਕਾਂ ਨੂੰ ਖਾਣ-ਪੀਣ ਵਾਲੀਆਂ ਸ਼ੁੱਧ ਅਤੇ ਮਿਆਰੀ ਪੱਧਰ ਦੀਆਂ ਵਸਤਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਮਿਲਾਵਟਖੋਰੀ ਨੂੰ ਸਮਾਜ ਵਿੱਚੋਂ ਖਤਮ ਕਰਨਾ ਹੈ। ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਭੁਪਿੰਦਰ ਸਿੰਘ ਸਟੈਨੋ, ਲਾਲ ਚੰਦ ਸਿੰਘ ਜਿਲ੍ਹਾ ਸਿਹਤ ਇੰਸਪੈਕਟਰ, ਰਜਿੰਦਰ ਕੌਰ ਐੱਮ.ਐੱਲ.ਟੀ ਫੂਡ ਅਤੇ ਸਰਬਜੀਤ ਸਿੰਘ ਜੂਨੀਅਰ ਸਹਾਇਕ ਹਾਜ਼ਿਰ ਸਨ। Author : Malout Live