ਡੀ.ਏ.ਵੀ ਕਾਲਜ, ਮਲੋਟ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ
ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਕਾਲਜ ਦੇ ਪੰਜਾਬੀ ਵਿਭਾਗ ਅਤੇ ਭਾਸ਼ਾ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰਸਿੱਧ ਭਾਸ਼ਾ ਵਿਗਿਆਨੀ ਅਤੇ ਸਾਹਿਤਕਾਰ, ਜਿਲ੍ਹਾ ਭਾਸ਼ਾ ਅਫ਼ਸਰ ਜਗਰੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ. ਅਰੁਣ ਕਾਲੜਾ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਪੰਜਾਬੀ ਵਿਭਾਗ ਦੇ ਮੁੱਖੀ ਡਾ. ਜਸਬੀਰ ਕੌਰ ਨੇ ਮਾਤ ਭਾਸ਼ਾ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ, ਇਹ ਸਾਡੇ ਗੁਰੂਆਂ, ਪੀਰਾਂ ਅਤੇ ਸੂਫੀ ਫਕੀਰਾਂ ਦੀ ਬੋਲੀ ਹੈ। ਅੱਜ ਤੋਂ 800 ਸਾਲ ਪਹਿਲਾਂ ਬਾਬਾ ਫਰੀਦ ਨੇ ਇਸ ਮਿੱਠੀ ਬੋਲੀ ਵਿੱਚ ਸਲੋਕ ਅਥੇ ਸ਼ਬਦ ਰਚੇ। ਸਾਡੇ ਗੁਰੂਆਂ ਨੇ ਇਸ ਬੋਲੀ ਵਿੱਚ ਗੁਰਬਾਣੀ ਦੀ ਰਚਨਾ ਕੀਤੀ ਅਤੇ ਮਨੁੱਖਤਾ ਨੂੰ ਸਿੱਧੇ ਰਾਹ ਪਾਇਆ।
ਇਸ ਮੌਕੇ ਡਾ. ਪਰਮਜੀਤ ਸਿੰਘ ਢੀਂਗਰਾ ਨੇ ਪੰਜਾਬੀ ਬੋਲੀ ਦੇ ਮਹੱਤਵ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਤੋਂ ਬਾਅਦ ਕਵੀ ਦਰਬਾਰ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਪ੍ਰਸਿੱਧ ਕਵੀ ਸ਼੍ਰੀ ਨਿਰਮਲ ਦਿਓਲ, ਸੁਖਦੇਵ ਮਠਾੜੂ, ਵਿਨੋਦ ਖੁਰਾਨਾ, ਪਰਮਜੀਤ ਸਿੰਘ ਢਿੱਲੋਂ, ਬਿਮਲਾ ਦੇਵੀ, ਸ਼ਮਿੰਦਰ ਕੌਰ, ਪ੍ਰਵੀਨ ਰੇਨੂੰ, ਰੁਪਿੰਦਰ ਕੌਰ, ਮਨਜੀਤ ਸੂਖਮ ਆਦਿ ਕਵੀਆਂ ਨੇ ਹਿੱਸਾ ਲਿਆ। ਕੁੱਝ ਵਿਦਿਆਰਥੀਆਂ ਨੇ ਵੀ ਇਸ ਕਵੀ ਦਰਬਾਰ ਵਿੱਚ ਹਿੱਸਾ ਲਿਆ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਭੂਪਿੰਦਰ ਕੌਰ ਨੇ ਨਿਭਾਈ। ਸਮਾਗਮ ਦੇ ਅਖੀਰ ਵਿੱਚ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਨੂੰ ਭਾਸ਼ਾ ਵਿਭਾਗ ਅਤੇ ਪੰਜਾਬੀ ਵਿਭਾਗ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਰਾਸ਼ਟਰੀ ਗਾਨ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਸਮੂਹ ਕਾਲਜ ਦਾ ਸਟਾਫ਼ ਹਾਜ਼ਿਰ ਸੀ। Author: Malout Live