ਜ਼ਿਲ੍ਹਾ ਪੁਲਿਸ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਮੁਕਤਸਰ ਸਾਹਿਬ ਨਸ਼ਾ ਵੇਚਣ ਆਏ ਨੌਜਵਾਨ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਫ਼ਤਾਰ

ਮਲੋਟ: ਐੱਸ.ਐੱਸ.ਪੀ ਸ. ਉਪਿੰਦਰਜੀਤ ਸਿੰਘ ਘੁੰਮਨ (ਆਈ.ਪੀ.ਐੱਸ) ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾ ਅਨੁਸਾਰ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਬਲਵੰਤ ਸਿੰਘ ਮੁੱਖ ਅਫ਼ਸਰ ਥਾਣਾ ਕਬਰਵਾਲਾ ਪੁਲਿਸ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਮੁਕਤਸਰ ਸਾਹਿਬ ਏਰੀਏ ਵਿੱਚ ਨਸ਼ਾ ਵੇਚਣ ਆਏ ਇੱਕ ਵਿਅਕਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਗਸ਼ਤ ਦੌਰਾਨ ਪੁਲਿਸ ਪਾਰਟੀ ਪਿੰਡ ਪੱਕੀ ਟਿੱਬੀ ਪਹੁੰਚੀ ਤਾਂ ਇੱਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ, ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ

ਨਾਮ ਰਣਜੀਤ ਸਿੰਘ ਉਰਫ ਰਾਹੁਲ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਗੁਰੂ ਕੀ ਵਿਡਾਲੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੱਸਿਆ। ਪੁਲਿਸ ਵੱਲੋਂ ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋ ਕਾਲੇ ਰੰਗ ਦੀ ਕਿੱਟ ਵਿੱਚੋਂ 40 ਗ੍ਰਾਮ ਹੈਰੋਇਨ ਅਤੇ 1,64,200 ਰੁਪਏ ਡਰੱਗ ਮਨੀ ਬਰਾਮਦ ਹੋਈ। ਪੁਲਿਸ ਵੱਲੋਂ ਉਕਤ ਨੌਜਵਾਨ 'ਤੇ ਮੁਕੱਦਮਾ ਥਾਣਾ ਕਬਰਵਾਲਾ ਵਿਖੇ ਦਰਜ ਕੀਤਾ ਗਿਆ। ਮੁੱਢਲੀ ਪੁੱਛ-ਗਿੱਛ ਤੋਂ ਉਸ ਨੇ ਦੱਸਿਆ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੈਰੋਇਨ ਲਿਆ ਕੇ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਪਿੰਡਾਂ, ਅਬਹੋਰ ਅਤੇ ਫਾਜ਼ਿਲਕਾ ਏਰੀਏ ਵਿੱਚ ਵੇਚਣ ਦਾ ਕੰਮ ਕਰਦਾ ਸੀ। ਦੋਸ਼ੀ ਰਣਜੀਤ ਸਿੰਘ ਨੂੰ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਉਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। Author: Malout Live