ਟਿਕਰੀ ਬਾਰਡਰ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਭਾਈ ਬਹਿਲੋ ਗੁਰਦੁਆਰਾ ਸਾਹਿਬ ਫਫੜੇ ਭਾਈਕੇ ਵਿਖੇ ਕੀਤੀ ਗਈ ਆਯੋਜਿਤ
ਮਲੋਟ:- ਬੀਤੇ ਦਿਨ ਟਿਕਰੀ ਬਾਰਡਰ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਭਾਈ ਬਹਿਲੋ ਗੁਰਦੁਆਰਾ ਸਾਹਿਬ ਫਫੜੇ ਭਾਈਕੇ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਪਰਸ਼ੋਤਮ ਸਿੰਘ ਗਿੱਲ ਨੇ ਕੀਤੀ ਅਤੇ ਜਿਸ ਵਿੱਚ ਬੀ.ਕੇ.ਯੂ ਡਕੌਂਦਾ ਦੇ ਬਲਦੇਵ ਸਿੰਘ ਭਾਈ ਰੂਪਾ, ਪੀ.ਕੇ.ਯੂ ਦੇ ਜਸਬੀਰ ਕੌਰ ਨੱਤ ਅਤੇ ਗੁਰਨਾਮ ਸਿੰਘ ਭੀਖੀ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਬੀ.ਕੇ.ਯੂ ਮਾਨਸਾ ਦੇ ਉਗਰ ਸਿੰਘ, ਰਾਜੇਵਾਲ ਦੇ ਪ੍ਰਗਟ ਸਿੰਘ ਤਲਵੰਡੀ ਅਤੇ ਲਖਵਿੰਦਰ ਸਿੰਘ ਪੀਰ ਮੁਹੰਮਦ, ਅਜੈ ਭਵਨ ਦੇ ਕੁਲਵੰਤ ਸਿੰਘ ਮੌਲਵੀ ਵਾਲਾ, ਗੁਰਪ੍ਰੀਤ ਸਿੰਘ ਕੱਟਿਆਂ ਵਾਲੀ, ਕਾਦੀਆਂ ਦੇ ਕੁਲਦੀਪ ਸਿੰਘ ਚੱਕ ਭਾਈਕੇ ਅਤੇ ਬਲਦੇਵ ਸਿੰਘ, ਸਿੱਧੂਪੁਰ ਦੇ ਬਲਦੇਵ ਸਿੰਘ ਸੰਦੋਹਾ ਅਤੇ ਮਲੂਕ ਸਿੰਘ ਹਰੀਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਦੇ ਧੰਨਾ ਮੱਲ ਗੋਇਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਸਮੇਂ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਐੱਮ.ਐਸ.ਪੀ ਸਮੇਤ ਦਰਜਨ ਕੇਸਾਂ ਨੂੰ ਖਾਰਜ ਕਰਨ ਦੀ ਬਜਾਏ ਪੰਜਾਬ ਨਾਲ ਬਦਲੇ ਦੀ ਭਾਵਨਾ ਨਾਲ ਪੰਜਾਬ ਤੋਂ ਚੰਡੀਗੜ੍ਹ ਖੋਹਣ ਅਤੇ
ਬੀ.ਬੀ.ਐੱਮ.ਬੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਆਰਥਿਕ ਪੈਕੇਜ ਦੇਣ ਸੰਬੰਧੀ ਪ੍ਰੀਪੇਡ ਚਿੱਪ ਵਾਲੇ ਮੀਟਰ ਲਾਉਣ ਦੀ ਸ਼ਰਤ ਲਗਾ ਕੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਸਮੇਤ ਆਮ ਲੋਕਾਂ ਨੂੰ ਪਿਛਾਂਹ ਵੱਲ ਧੱਕ ਰਹੀ ਹੈ, ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਨਾਂ ਹੇਠ ਵੱਡੀਆਂ ਸੜਕਾਂ ਬਨਾਉਣ ਲਈ ਲੋਕਾਂ ਨਾਲ ਧੋਖਾ ਧੜੀ ਕੀਤੀ ਜਾ ਰਹੀ ਹੈ ਜਿਸ ਨੂੰ ਤਰੁੰਤ ਰੁਕਵਾਇਆ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਫਰੀ ਬਿਜਲੀ, ਠੇਕੇ ਦੇ ਮੁਲਾਜ਼ਮਾਂ ਆਦਿ ਨੂੰ ਪੱਕਾ ਕਰਨ, ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟ੍ਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦੇਣ ਸਮੇਤ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ। ਇਸ ਸਮੇਂ ਇੱਕ ਵਿਸ਼ੇਸ਼ ਮਤੇ ਰਾਹੀਂ ਕਿਸਾਨ ਆਗੂ ਸੀਤਾ ਰਾਮ ਨੂੰ ਨਸ਼ਾ ਤਸਕਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਤੇ ਕਾਨੂੰਨੀ ਕਾਰਵਾਈ ਕਰਨ, ਪੈਸੇਂਜਰ ਟ੍ਰੇਨਾਂ ਚਾਲੂ ਕਰਨ ਅਤੇ ਟਿਕਟ ਖਿੜਕੀਆਂ ਖੋਹਲਣ ਦੀ ਮੰਗ ਕਰਦਿਆਂ ਕਿਹਾ ਕਿ ਨਿੱਤ ਦਿਹਾੜੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਮੇਤ ਜ਼ਰੂਰੀ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਆਮ ਲੋਕਾਂ ਤੇ ਬੇ ਲੋੜਾਂ ਆਰਥਿਕ ਬੋਝ ਪੈ ਰਿਹਾ ਹੈ। Author : Malout Live