ਖੇਤ ਵਿੱਚ ਪਰਾਲੀ ਦੇ ਪ੍ਰਬੰਧਨ ਦੀਆਂ ਤਕਨੀਕਾਂ ਸੰਬੰਧੀ ਖੇਤ ਦਿਵਸ ਮਨਾਇਆ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਆਸਾ ਬੁੱਟਰ ਵਿਖੇ ਖੇਤ ਵਿੱਚ ਪਰਾਲੀ ਦੇ ਪ੍ਰਬੰਧਨ ਦੀਆਂ ਤਕਨੀਕਾਂ ਸੰਬੰਧੀ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਦੇ ਲਗਭਗ 80 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ। ਇਸ ਖੇਤ ਦਿਵਸ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਕਰਮਜੀਤ ਸ਼ਰਮਾ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ, ਸ਼੍ਰੀ ਮੁਕਤਸਰ ਸਾਹਿਬ ਨੇ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ-ਵੱਖ ਪ੍ਰਬੰਧਨ ਤਕਨੀਕਾਂ ਬਾਰੇ ਦੱਸਿਆ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦੇ ਅਪਨਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਨਾਲ ਵਾਤਾਵਰਨ, ਸਿਹਤ ਅਤੇ ਜ਼ਮੀਨ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਅਤੇ ਪਰਾਲੀ ਦਾ ਖੇਤਾਂ ਵਿੱਚ ਪ੍ਰਬੰਧਨ ਕਰਨ ਨਾਲ ਕਿਸਾਨਾਂ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਵੀ ਦੱਸਿਆ।

ਡਾ. ਗੁਰਮੇਲ ਸਿੰਘ ਸੰਧੂ, ਸਹਾਇਕ ਪ੍ਰੋਫ਼ੈਸਰ (ਪੌਦ ਸੁਰੱਖਿਆ) ਨੇ ਕਣਕ, ਸਰੋਂ, ਬਰਸੀਮ ਅਤੇ ਮੱਕੀ ਤੇ ਆਉਣ ਵਾਲੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸੁੱਚਜੀ ਰੋਕਥਾਮ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫਸਲ ਵਿਗਿਆਨ) ਨੇ ਦੱਸਿਆ ਕਿ ਕਣਕ ਦੀ ਗੋਭ ਦੀ ਅਵਸਥਾ ਤੇ 2.0 ਪ੍ਰਤੀਸ਼ਤ ਦੇ ਹਿਸਾਬ ਨਾਲ ਪੋਟਾਸ਼ੀਅਮ ਨਾਈਟ੍ਰੇਟ (13-0-45) ਦਾ ਛਿੜਕਾਅ ਕਰਨਾ ਚਾਹੀਦਾ ਹੈ ਤਾਂ ਜੋ ਗਰਮੀ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ। ਕੈਂਪ ਦੇ ਅਖੀਰ ਵਿੱਚ ਡਾ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ (ਫਲ ਵਿਗਿਆਨ) ਨੇ ਫਲਦਾਰ ਬੂਟਿਆਂ ਦੀ ਸੁਚੱਜੀ ਕਾਸ਼ਤ ਅਤੇ ਗਰਮ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਘਰੇਲੂ ਬਗੀਚੀ ਬਨਾਉਣ ਅਤੇ ਖੇਤੀ ਸਾਹਿਤ ਪੜਣ ਲਈ ਵੀ ਪ੍ਰੇਰਿਤ ਕੀਤਾ। ਕੈਂਪ ਵਿਚ ਸ਼ਾਮਿਲ ਹੋਏ ਕਿਸਾਨ ਵੀਰਾਂ ਵੱਲੋਂ ਖੇਤੀ ਮਸਲਿਆਂ ਸੰਬੰਧੀ ਕਾਫੀ ਸਵਾਲ ਕੀਤੇ ਗਏ ਅਤੇ ਮਾਹਿਰਾਂ ਵੱਲੋਂ ਮੌਕੇ ਤੇ ਜਵਾਬ ਦਿੱਤੇ ਗਏ। Author: Malout Live