ਜ਼ਿਲਾ ਪ੍ਰਸ਼ਾਸਨ ਦੇ ਕੈਂਸਰ ਜਾਗਰੂਕਤਾ ਪ੍ਰੋਗਰਾਮ ਦੇ ਨਿਕਲੇ ਸਾਰਥਕ ਨਤੀਜੇ, 45 ਹਜਾਰ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਸ੍ਰੀ ਮੁਕਤਸਰ ਸਾਹਿਬ:- ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਰੰਭ ਕੀਤੇ ਗਏ ਨਿਵੇਕਲੇ ਕੈਂਸਰ ਜਾਗਰੁਕਤਾ ਪ੍ਰੋਗਰਾਮ ਦੇ ਸਾਰਥਕ ਨਤੀਜੇ ਨਿਕਲੇ ਹਨ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੇ ਯਤਨਾਂ ਨਾਲ ਆਰੰਭ ਹੋਏ ਇਸ ਪ੍ਰੋਗਰਾਮ ਤਹਿਤ ਹੁਣ ਤੱਕ 45 ਹਜਾਰ ਤੋਂ ਵਧੇਰੇ ਵਿਦਿਆਰਥੀਆਂ ਨੂੰ ਕੈਂਸਰ ਦੀ ਬਿਮਾਰੀ ਦੇ ਲੱਛਣਾ, ਇਲਾਜ, ਪਰਹੇਜ ਆਦਿ ਸਬੰਧੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
ਇਸ ਪ੍ਰੋਗਰਾਮ ਦੀ ਸੋਚ 2 ਅਕਤੂਬਰ 2018 ਨੂੰ ਲੈ ਕੇ ਕੰਮ ਆਰੰਭਿਆ ਗਿਆ ਸੀ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਜ਼ਿਲੇ 3 ਡਾਕਟਰਾਂ ਨੂੰ ਟਾਟਾ ਮੈਮੋਰੀਅਲ ਕੈਂਸਰ ਰਿਸਰਚ ਇੰਸਟੀਚਿਊਟ ਮੁਬੰਈ ਭੇਜਿਆ ਜਿੱਥੋਂ ਉਨਾਂ ਨੇ ਕੈਂਸਰ ਸਬੰਧੀ ਹਰ ਤਕਨੀਕੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਿਨਾਂ ਟਾਟਾ ਮੈਮੋਰੀਅਲ ਕੈਂਸਰ ਰਿਸਰਚ ਇੰਸਟੀਚਿਊਟ ਮੁਬੰਈ ਦੇ ਡਾਕਟਰਾਂ ਦੀ ਇਕ ਟੀਮ ਨੇ ਜ਼ਿਲੇ ਵਿਚ ਆ ਕੇ ਵੀ ਸਿਹਤ ਵਿਭਾਗ ਦੇ ਹੋਰ ਡਾਕਟਰਾਂ ਨੂੰ ਇਸ ਬਿਮਾਰੀ ਸਬੰਧੀ ਸਿਖਲਾਈ ਦਿੱਤੀ।
ਇਸ ਤੋਂ ਬਾਅਦ ਇੰਨਾਂ ਜ਼ਿਲਾ ਪ੍ਰਸ਼ਾਸਨ ਦੀ ਅਗਵਾਈ ਵਿਚ ਸਿਹਤ ਵਿਭਾਗ ਨੇ ਇੰਨਾਂ ਤਿੰਨੋਂ ਡਾਕਟਰਾਂ ਕ੍ਰਮਵਾਰ ਡਾ: ਸੀਮਾ ਗੋਇਲ, ਡਾ: ਪਰਮਜੀਤ ਅਤੇ ਡਾ: ਜਪਨੀਤ ਸੰਧੂ ਰਾਹੀਂ ਜ਼ਿਲੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਇਸ ਸਬੰਧੀ ਵੱਡਾ ਜਾਗਰੂਕਤਾ ਪ੍ਰੋਗਰਾਮ ਉਲੀਕਿਆ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਇਸ ਜਾਗਰੂਕਤਾ ਪ੍ਰੋਗਰਾਮ ਤਹਿਤ ਜ਼ਿਲੇ ਦੇ 159 ਸਰਕਾਰੀ ਸਕੂਲਾਂ ਦੇ 27552 ਅਤੇ 131 ਪ੍ਰਾਈਵੇਟ ਸਕੂਲਾਂ ਦੇ 17376 ਵਿਦਿਆਰਥੀਆਂ ਨੂੰ ਕੈਂਸਰ ਤੋਂ ਬਚਾਓ, ਮੁੱਢਲੇ ਪੱਧਰ ਤੇ ਇਸਦੀ ਪਹਿਚਾਣ ਦੇ ਤਰੀਕਿਆਂ, ਇਲਾਜ ਆਦਿ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਗਈ। ਇਹ ਵਿਦਿਆਰਥੀ 9ਵੀਂ ਤੋਂ 12ਵੀਂ ਜਮਾਤਾਂ ਵਿਚ ਪੜਦੇ ਹਨ। ਇਸ ਤੋਂ ਬਿਨਾਂ ਹਰੇਕ ਸਕੂਲ ਦੇ ਦੋ ਅਧਿਆਪਕਾਂ ਨੂੰ ਵੀ ਇਸ ਸਬੰਧੀ ਵਿਸਥਾਰਤ ਟ੍ਰੇਨਿੰਗ ਦਿੱਤੀ ਗਈ ਸੀ ਤਾਂ ਜੋ ਉਹ ਇਸ ਸਬੰਧੀ ਵਿਦਿਆਰਥੀਆਂ ਦੇ ਸਮੇਂ ਸਮੇਂ ਤੇ ਆਉਣ ਵਾਲੇ ਸੰਕਿਆਂ ਬਾਰੇ ਉਨਾਂ ਨੂੰ ਦੱਸਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਇਹ ਸੀ ਕਿ ਜਦੋਂ ਅਸੀਂ ਸਾਡੀ ਨਵੀਂ ਪੀੜੀ ਨੂੰ ਕੈਂਸਰ ਹੋਣ ਦੇ ਕਾਰਨਾਂ, ਲੱਛਣਾ ਆਦਿ ਬਾਰੇ ਦੱਸਾਂਗੇ ਤਾਂ ਇਸਦਾ ਪਹਿਲੀ ਸਟੇਜ ਤੇ ਪਤਾ ਲਗਾਉਣਾ ਸੰਭਵ ਹੋਵੇਗਾ ਜਿਸ ਤੋਂ ਬਾਅਦ ਇਸਦੇ ਛੇਤੀ ਇਲਾਜ ਨਾਲ ਅਨਮੋਲ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ ਲੋਕਾਂ ਵਿਚ ਜਾਗਰੂਕਤਾ ਵੱਧੀ ਹੈ ਕਿਉਂਕਿ ਵਿਦਿਆਰਥੀ ਇਹ ਸੁਨੇਹਾ ਆਪਣੇ ਪਰਿਵਾਰਾਂ ਅਤੇ ਆਂਢ ਗੁਆਂਢ ਤੱਕ ਲੈ ਕੇ ਗਏ ਹਨ।