ਫਾਜਿਲਕਾ ਵਿਖੇ ਕੀਤੀ ਜਾਵੇਗੀ ਮਾਲਵਾ ਜੋਨ ਦੀ ਰੋਸ ਰੈਲੀ – ਗੁਰਪ੍ਰੀਤ ਭੁੱਲਰ
ਮਲੋਟ:- ਪੰਜਾਬ ਸਰਕਾਰ ਦੁਆਰਾ 36000 ਕਰਮਚਾਰੀਆਂ ਨੂੰ ਪੱਕੇ ਕਰਨ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰੰਤੂ ਕਿਹੜੇ ਕਰਮਚਾਰੀ ਪੱਕੇ ਕੀਤੇ ਹਨ ਇਸ ਬਾਰੇ ਕੋਈ ਵੀ ਸੂਚਨਾ ਜਨਤਕ ਨਹੀਂ ਕੀਤੀ। ਇਸ ਲਈ ਹਰ ਇੱਕ ਵਿਭਾਗ ਦੇ ਕਰਮਚਾਰੀ ਅੱਜ ਧਰਨਿਆਂ ਤੇ ਬੈਠੇ ਹੋਏ ਹਨ। ਇਸੇ ਤਰ੍ਹਾਂ ਸਿਹਤ ਵਿਭਾਗ ਦਾ ਲਗਭਗ 12000 ਮੁਲਾਜਮ ਜਿੰਨ੍ਹਾਂ ਨੂੰ ਸਰਕਾਰ ਦੁਆਰਾ ਕੋਰੋਨਾ ਯੋਧੇ ਕਿਹਾ ਜਾਂਦਾ ਹੈ ਉਹ ਵੀ ਸੜਕਾਂ ਤੇ ਰੁੱਲ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਪ੍ਰੀਤ ਭੁੱਲਰ ਸੂਬਾ ਪ੍ਰਧਾਨ ਐੱਨ.ਐੱਚ.ਐੱਮ ਇੰਪਲਾਈਜ਼ ਯੂਨੀਅਨ ਪੰਜਾਬ ਨੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਧਰਨੇ ਤੇ ਬੈਠੇ ਐੱਨ.ਐੱਚ.ਐੱਮ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਅਧੀਨ ਕੰਟਰੈਕਟ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਸਰਕਾਰ ਦੁਆਰਾ ਕੋਈ ਠੋਸ ਪਾਲਿਸੀ ਤਿਆਰ ਨਹੀਂ ਕੀਤੀ ਗਈ ਹੈ। ਜਿਸ ਕਾਰਨ ਵਿਭਾਗ ਦੁਆਰਾ ਉਹਨਾਂ ਨੂੰ ਬਹੁਤ ਹੀ ਘੱਟ ਤਨਖਾਹਾਂ ਦੇ ਕੇ ਜਿਆਦਾ ਕੰਮ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਕਰਮਚਾਰੀਆਂ ਦਾ ਆਰਥਿਕ ਅਤੇ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਕੋਰੋਨਾ ਯੋਧਿਆਂ ਦਾ ਖਿਤਾਬ ਦੇ ਰਹੀ ਹੈ। ਪ੍ਰੰਤੂ ਇਹਨਾਂ ਨੂੰ ਰੈਗੂਲਰ ਕਰਨ ਤੋਂ ਸਰਕਾਰ ਭੱਜ ਰਹੀ ਹੈ। ਉਹਨਾਂ ਕਿਹਾ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਚੰਨੀ ਫਾਜਿਲਕਾ ਵਿਖੇ ਆ ਰਹੇ ਹਨ ਅਤੇ ਐੱਨ.ਐੱਚ.ਐੱਮ ਦੇ ਕਰਮਚਾਰੀ ਰੋਸ ਰੈਲੀ ਫਾਜਿਲਕਾ ਵਿਖੇ ਕਰਨਗੇ। ਜਿਸ ਵਿੱਚ ਐੱਨ.ਐੱਚ.ਐੱਮ ਅਧੀਨ ਵੱਖ-ਵੱਖ ਪ੍ਰੋਗਰਾਮਾਂ ਵਿੱਚ ਕੰਮ ਕਰਦੇ ਦਫਤਰੀ ਕਰਮਚਾਰੀ, ਮੈਡੀਕਲ ਅਫਸਰ, ਪੈਰਾਮੈਡੀਕਲ ਸਟਾਫ, ਸਟਾਫ ਨਰਸਾਂ, ਸੀ.ਐਚ.ਓ, ਏ.ਐੱਨ.ਐੱਮ, ਲੈਬ. ਟੈਕਨੀਸ਼ੀਅਨ, ਆਸ਼ਾ ਫੈਸਿਲੀਟੇਟਰ, ਆਸ਼ਾ ਵਰਕਰਾਂ ਅਤੇ ਹੋਰ ਸਟਾਫ ਇਸ ਰੈਲੀ ਵਿੱਚ ਸ਼ਾਮਿਲ ਹੋਣਗੇ ਅਤੇ ਇਸ ਦੌਰਾਨ ਸ਼੍ਰੀ ਮਨਜੀਤ ਸਿੰਘ, ਕਿਰਨਾ ਰਾਣੀ, ਗੌਰਵ ਕੁਮਾਰ, ਸੁਖਵਿੰਦਰ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸ਼੍ਰੀ ਕੰਵਰਜੀਤ ਸਿੰਘ ਰੋਜੀ ਬਰਕੰਦੀ ਐੱਮ.ਐੱਲ.ਏ ਸ਼੍ਰੀ ਮੁਕਤਸਰ ਸਾਹਿਬ ਅਤੇ ਹਨੀ ਫੱਤਣਵਾਲਾ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਵੀ ਧਰਨੇ ਤੇ ਬੈਠੇ ਐੱਨ.ਐੱਚ.ਐੱਮ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਹੋਇਆ ਕਿਹਾ ਕਿ ਇਹਨਾਂ ਕੋਰੋਨਾ ਯੋਧਿਆਂ ਨੂੰ ਸਰਕਾਰ ਤੁਰੰਤ ਰੈਗੂਲਰ ਕਰੇ ਅਤੇ ਬਣਦਾ ਮਾਣ ਸਨਮਾਨ ਦੇਵੇ।