ਅੰਗਹੀਣ ਭਲਾਈ ਯੂਨੀਅਨ ਪੰਜਾਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ
ਮਲੋਟ:- ਅੰਗਹੀਣ ਭਲਾਈ ਯੂਨੀਅਨ ਪੰਜਾਬ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਕੋਟਕਪੂਰਾ ਚੌਕ ਵਿੱਚ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਕੁਲਬੀਰ ਸਿੰਘ , ਵਾਈਸ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਰਹੂੜਿਆਂਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਅੰਗਹੀਣਾਂ ਨੂੰ ਅੱਖੋ ਪਰੋਖੇ ਕੀਤਾ ਹੋਇਆ ਹੈ ਅਤੇ ਪਹਿਲਾਂ ਦੀਆਂ ਸਰਕਾਰਾਂ ਵਾਂਗ ਮੌਜੂਦ ਸਰਕਾਰ ਵੀ ਅੰਗਹੀਣਾਂ ਨਾਲ ਇਨਸਾਫ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਬੇਰਜੁਗਾਰ ਅੰਗਹੀਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ , ਪਰ ਸਰਕਾਰ ਵੱਲੋਂ ਅੰਗਹੀਣਾਂ ਨੂੰ ਰੁਜ਼ਗਾਰ ਨਹੀ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅੰਗਹੀਣ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸੰਬੰਧੀ ਸੰਘਰਸ਼ ਕਰ ਰਹੇ ਹਨ , ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਸਾਰੇ ਅੰਗਹੀਣਾਂ ਨੂੰ ਬਿਨਾਂ ਦੇਰੀ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਦਿੱਤੀ ਜਾਵੇ। ਉਨ੍ਹਾਂ ਓਵਰਏਜ ਅੰਗਹੀਣਾਂ ਨੂੰ ਯੋਗਤਾ ਦੇ ਅਧਾਰ ਤੇ ਨੌਕਰੀ ਦੇਣ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੈਡੀਕਲ ਸਹੂਲਤ ਮੁਫ਼ਤ ਦੇਣ, ਪੂਰਾ ਬੱਸ ਕਿਰਾਇਆ ਮੁਆਫ ਕਰਨ, ਓਵਰਏਜ ਹੋਏ ਅੰਗਹੀਣਾਂ ਨੂੰ 10000 ਪੈਨਸ਼ਨ ਦੇਣ , ਅਨਪੜ੍ਹ ਵਿਅਕਤੀਆਂ ਨੂੰ ਚੌਥੇ ਦਰਜੇ ਦੀਆਂ ਨੌਕਰੀਆਂ ਦੇਣ, ਅੰਗਹੀਣ ਵਿਅਕਤੀਆਂ ਦੇ ਬੱਚਿਆਂ ਦੀ ਪੜ੍ਹਾਈ ਬਿਲਕੁਲ ਮੁਫ਼ਤ ਕਰਨ, ਅੰਗਹੀਣ ਵਿਅਕਤੀਆਂ ਨੂੰ ਬੀਪੀਐਲ ਤਹਿਤ ਮਿਲਣ ਵਾਲੀਆਂ ਸਹੂਲਤਾਂ ਵਿੱਚ ਸ਼ਾਮਿਲ, ਅੰਗਹੀਣਾਂ ਦਾ 4 ਪ੍ਰਤੀਸ਼ਤ ਕੋਟਾ ਦੇਣ, ਅੰਗਹੀਣ ਵਿਅਕਤੀਆਂ ਨੂੰ ਬੱਚਿਆਂ ਦੀ ਸ਼ਗਨ ਸਕੀਮ ਲਈ 1 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। Author : Malout Live