ਦਿਵਿਆਂਗ ਦਿਵਸ ਮੌਕੇ ਬੈਂਕ ਕਰਜ਼ੇ ਸੰਬੰਧੀ ਪੰਜਾਬ ਸਰਕਾਰ ਲਗਾਏਗੀ ਵਿਸ਼ੇਸ਼ ਕੈਂਪ- ਡਾ. ਬਲਜੀਤ ਕੌਰ
ਮਲੋਟ (ਪੰਜਾਬ): ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋੰ ਦਿਵਿਆਂਗ ਐਸੋਸੀਏਸ਼ਨ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੀ ਹਮਦਰਦੀ ਨਾਲ ਵਿਚਾਰ ਕੇ ਉਹਨਾਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ ਤੇ ਬੋਰਡਾਂ ਵਿੱਚ ਦਿਵਿਆਂਗ ਵਰਗ ਲਈ ਰਾਖਵੀਆਂ, ਖਾਲੀ ਅਤੇ ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ, ਦਿਵਿਆਂਗ ਮੁਲਾਜ਼ਮਾਂ ਦੀ ਤਰੱਕੀ ਕਰਨ, ਦਿਵਿਆਂਗ ਖਿਡਾਰੀ ਵਰਗ ਨਾਲ ਸੰਬੰਧਿਤ ਮੰਗਾਂ, ਦਿਵਿਆਂਗ ਵਰਗ ਦੀਆਂ ਪੈਨਸ਼ਨ ਸੰਬੰਧੀ ਮੰਗਾਂ ਅਤੇ ਦਿਵਿਆਂਗਾਂ ਨੂੰ ਮੁਫ਼ਤ ਕਣਕ ਦੀ ਸਹੂਲਤਾਂ ਤੋਂ ਇਲਾਵਾ ਹੋਰ ਜਾਇਜ਼ ਮੰਗਾਂ ਦੇ ਛੇਤੀ ਹੱਲ ਸੰਬੰਧੀ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗ ਵਰਗ ਦਾ ਜੀਵਨ ਸਮਰੱਥ ਬਣਾਉਣ ਲਈ 3 ਦਸੰਬਰ 2022 ਨੂੰ ਦਿਵਿਆਂਗ ਦਿਵਸ ਮੌਕੇ ਕੁੱਝ ਜ਼ਿਲ੍ਹਿਆ ਵਿੱਚ ਬੈਂਕ ਕਰਜ਼ੇ ਸੰਬੰਧੀ ਕੈਂਪ ਆਯੋਜਿਤ ਕਰਨ ਜਾ ਰਹੀ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਦਿਵਿਆਂਗਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਲੈ ਕੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣ। ਉਹਨਾਂ ਮੀਟਿੰਗ ਦੌਰਾਨ ਦਿਵਿਆਂਗਾਂ ਨੂੰ ਕਿਹਾ ਕਿ ਈ-ਮੇਲ ਆਈ.ਡੀ disabilitybranch104@gmail.com 'ਤੇ ਆਪਣੀ ਸਮੱਸਿਆ ਮੇਲ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਮਾਧਵੀ ਕਟਾਰੀਆ, ਐਡੀਸ਼ਨਲ ਡਾਇਰੈਕਟਰ ਲਿੱਲੀ ਚੋਧਰੀ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ, ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਮਾਨ ਅਤੇ ਹੋਰ ਮੈਂਬਰ ਵੀ ਸ਼ਾਮਿਲ ਹੋਏ। Author: Malout Live