ਸਿਹਤ ਵਿਭਾਗ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਅਤੇ ਨਾਲ ਲੱਗਦੇ ਪਿੰਡਾਂ ਵਿੱਚੋਂ ਪੈਕਡ ਪਾਣੀ, ਨਮਕ ਅਤੇ ਹੋਰ ਖਾਣ ਪੀਣ ਵਾਲੀਆਂ ਸ਼ੱਕੀ ਵਸਤੂਆਂ ਦੇ ਲਏ ਗਏ ਸੈਂਪਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸ ਤਹਿਤ ਸਿਹਤ ਵਿਭਾਗ ਵੱਲੋਂ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ ਸ਼੍ਰੀ ਮੁਕਤਸਰ ਸਾਹਿਬ ਅਤੇ ਦਫਤਰ ਸਿਵਲ ਸਰਜਨ ਦੀ ਫੂਡ ਸੇਫਟੀ ਟੀਮ ਵੱਲੋਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ,ਮੰਡੀ ਲੱਖੇਵਾਲੀ, ਪਿੰਡ ਭਾਗਸਰ ਅਤੇ ਹੋਰ ਪਿੰਡਾਂ ਵਿੱਚੋਂ ਦੁਕਾਨਾਂ ਤੋਂ ਖਾਣ-ਪੀਣ ਵਾਲੀਆਂ ਸ਼ੱਕੀ ਵਸਤੂਆਂ ਦੇ 15 ਸੈਂਪਲ ਇਕੱਤਰ ਕੀਤੇ ਗਏ ਅਤੇ ਜਾਂਚ ਲਈ ਭੇਜੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਦੁਪਿੰਦਰ ਕੁਮਾਰ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਅਤੇ ਨਾਲ ਲੱਗਦੇ ਪਿੰਡਾਂ ਵਿੱਚੋਂ ਵੱਖ-ਵੱਖ ਬਰਾਂਡਾਂ ਦੇ ਪੈਕਡ ਪਾਣੀ ਅਤੇ ਨਮਕ ਦੇ 15 ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ

ਜਿਥੇ ਕਿਤੇ ਵੀ ਕੋਈ ਮਿਲਾਵਟ ਦਾ ਸ਼ੱਕ ਹੁੰਦਾ ਹੈ ਤਾਂ ਉਨ੍ਹਾਂ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਂਦੇ ਹਨ ਅਤੇ ਜੇਕਰ ਜਾਂਚ ਦੌਰਾਨ ਕੋਈ ਮਿਲਾਵਟ ਜਾਂ ਮਿਸ ਬਰਾਂਡੈਡ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਹੋਟਲ, ਰੈਸਟੋਰੈਂਟ, ਸਵੀਟ ਸ਼ਾਪ, ਡੇਅਰੀਆਂ, ਬੇਕਰੀ, ਕਰਿਆਨਾ ਦੀਆਂ ਦੁਕਾਨਾਂ, ਫਾਸਟ ਫੂਡ, ਫਲਾਂ ਸਬਜੀਆਂ, ਸ਼ਰਾਬ ਦੇ ਠੇਕਿਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਮੌਕੇ ਤੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਖਾਣ-ਪੀਣ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ ਸੁਥਰੀਆਂ ਵਸਤੂਆਂ ਹੀ ਵੇਚਣ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਜੇਕਰ ਕਿਸੇ ਨੇ ਅਜੇ ਤੱਕ ਆਪਣੀ ਫੂਡ ਸੇਫਟੀ ਅਧੀਨ ਰਜਿਸਟਰੇਸ਼ਨ ਨਹੀ ਕਰਵਾਈ ਉਹ ਜਲਦ ਤੋਂ ਜਲਦ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ। ਇਸ ਮੌਕੇ ਸ਼੍ਰੀ ਡਾ. ਜਤਿੰਦਰ ਸਿੰਘ ਵਿਰਕ ਫੂਡ ਸੇਫਟੀ ਅਫਸਰ ਅਤੇ ਉਨ੍ਹਾਂ ਦੀ ਟੀਮ ਵੀ ਹਾਜ਼ਰ ਸੀ। Author: Malout Live