ਜਾਣਕਾਰੀ, ਬਚਾਅ ਅਤੇ ਸੰਤੁਲਿਤ ਭੋਜਨ ਨਾਲ ਹੀ ਸਵਾਈਨ ਫਲੂ ਤੋਂ ਬਚਿਆ ਜਾ ਸਕਦਾ ਹੈ- ਡਾ. ਰਮਨਦੀਪ ਸਿੰਗਲਾ, ਕਾਰਜਕਾਰੀ ਸਿਵਲ ਸਰਜਨ

ਮਲੋਟ (ਬਠਿੰਡਾ): ਮਾਨਯੋਗ ਸਿਹਤ ਮੰਤਰੀ ਡਾ. ਬਲਵੀਰ ਸਿੰਘ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਦੀ ਦੇਖ-ਰੇਖ ਵਿੱਚ ਜਿਲ੍ਹਾ ਬਠਿੰਡਾ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਨੇ ਜਿਲ੍ਹਾ ਬਠਿੰਡਾ ਨੁੰ ਸਵਾਈਨ ਫਲੂ ਤੋਂ ਬਚਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਅਤੇ ਇਸ ਸਾਲ ਜਿਲ੍ਹਾ ਬਠਿੰਡਾ ਨੂੰ ਸਵਾਈਨ ਫਲੂ ਤੋਂ ਬਚਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਹਸਪਤਾਲ ਬਠਿੰਡਾ ਵਿਖੇ ਸਵਾਈਨ ਫਲੂ ਦੇ ਸ਼ੱਕੀ ਅਤੇ ਕਨਫਰਮ ਮਰੀਜਾਂ ਲਈ ਵੱਖਰੇ ਵਾਰਡ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਵਾਈਨ ਫਲੂ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਸੰਸਥਾਵਾਂ, ਸਕੂਲਾਂ, ਕਾਲਜਾਂ, ਪਬਲਿਕ ਥਾਵਾਂ ਵਿਖੇ ਸਵਾਈਨ ਫਲੂ ਤੋਂ ਬਚਾਅ ਸੰਬੰਧੀ ਸੈਮੀਨਾਰ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਇੰਫਲੂਐਂਜਾ ਵਾਇਰਸ ਨਾਲ ਹੁੰਦੀ ਹੈ।

ਸਵਾਈਨ ਫਲੂ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਖੰਘ ਨਾਲ, ਛਿੱਕਾਂ, ਵਗਦੇ ਨੱਕ, ਹੱਥ ਮਿਲਾਉਣ ਨਾਲ, ਛੂਹਣ ਨਾਲ, ਖੁੱਲੇ ਵਿੱਚ ਥੁੱਕਣ ਨਾਲ ਫੈਲਦੀ ਹੈ। ਇਹ ਬਜ਼ੁਰਗਾਂ, ਕੰਮਜ਼ੋਰ ਵਿਅਕਤੀਆਂ, ਬੱਚੇ, ਗਰਭਵਤੀ ਮਾਵਾਂ ਤੇ ਸਾਹ-ਦਮੇ ਦੇ ਮਰੀਜਾਂ ਨੂੰ ਛੇਤੀ ਹੁੰਦੀ ਹੈ ਅਤੇ ਉਨ੍ਹਾਂ ਲਈ ਘਾਤਕ ਸਿੱਧ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਜਿਸ ਕਰਕੇ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਪਰ ਜੇਕਰ ਬੰਦਾ ਤੰਦਰੁਸਤ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਹ ਬਿਮਾਰੀ 10 ਦਿਨਾਂ ਵਿੱਚ ਆਪਣੇ-ਆਪ ਠੀਕ ਹੋ ਜਾਂਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਬੁਖਾਰ, ਖਾਂਸੀ, ਦੁੱਖਦਾ ਗਲਾ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿੱਚ ਤਕਲੀਫ ਨਜ਼ਰ ਆਵੇ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਤੋਂ ਸਲਾਹ ਲਵੋ। ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਸ ਦਾ ਇਲਾਜ ਮੁਫਤ ਹੁੰਦਾ ਹੈ। ਡਾ. ਰੂਪਾਲੀ ਜਿਲ੍ਹਾ ਐਪੀਡਮੈਲੋਜਿਸਟ ਨੇ ਸਮੂਹ ਸਿਹਤ ਸਟਾਫ਼, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਭੀੜ ਵਾਲੀਆਂ ਥਾਂਵਾਂ ਤੇ ਨਾ ਜਾਣ ਅਤੇ ਆਪਣੇ ਨੱਕ, ਅੱਖਾਂ ਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰਨੇ ਚਾਹੀਦੇ ਹਨ। ਨੀਂਦ ਪੂਰੀ ਲਵੋ ਅਤੇ ਸਰੀਰਿਕ ਤੌਰ ਤੇ ਤੰਦਰੁਸਤ ਰਹੋ। ਜਿਆਦਾ ਮਾਤਰਾ ਵਿੱਚ ਪਾਣੀ ਪੀਓ ਅਤੇ ਪੌਸ਼ਟਿਕ ਭੋਜਨ ਖਾਓ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੋ। Author: Malout Live