ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਜੇਠ ਮਹੀਨੇ ਦੀ ਪੂਰਨਮਾਸ਼ੀ ਤੇ ਮਹੀਨਾਵਾਰ ਧਾਰਮਿਕ ਸਮਾਗਮ ਦਾ ਆਯੋਜਨ
ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਪੂਰਨਮਾਸ਼ੀ ਤੇ ਮਹੀਨਾਵਾਰ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਭਗਤ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਭਲਕੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੇ ਗਏ। ਸਵੇਰੇ ਪਹਿਲਾਂ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਹਜੂਰੀ ਰਾਗੀ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲਿਆਂ ਨੇ ਕੀਰਤਨ ਕੀਤਾ। ਸਮਾਗਮ ਲਈ ਵਿਸ਼ੇਸ਼ ਤੌਰ ਤੇ ਪੁੱਜੇ ਬਾਬਾ ਸੁਖਜੀਤ ਸਿੰਘ ਜੀ ਛਾਹੜ ਸਾਹਿਬ ਵਾਲਿਆਂ ਨੇ ਦੀਵਾਨ ਸਜਾਏ। ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਇਕ ਗੁਰੂ ਸ਼ਬਦ ਗੁਰੂ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ।
ਸਮਾਗਮ ਦੇ ਅਖੀਰ ਵਿੱਚ ਬੀਤੇ ਦਿਨ ਬਲਾਸੌਰ ਹੋਏ ਰੇਲ ਹਾਦਸੇ ਦੌਰਾਨ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਅਤੇ ਜਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਗਈ। ਸਮਾਗਮ ਮੌਕੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ, ਭਾਈ ਜਗਮੀਤ ਸਿੰਘ ਖਾਲਸਾ, ਸਰਪੰਚ ਹਰਭੇਜ ਸਿੰਘ ਘੈਂਟ, ਡਾ ਸ਼ਮਿੰਦਰ ਸਿੰਘ, ਸੁਰਿੰਦਰ ਸਿੰਘ ਬੱਗਾ, ਬੀਬੀ ਚਰਨਜੀਤ ਕੌਰ, ਗੁਰਪ੍ਰੀਤ ਸਿੰਘ ਤੋਹਫਾ, ਗਗਨਦੀਪ ਸਿੰਘ ਔਲਖ, ਅਰਸ਼ ਭੁੱਲਰ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਸਿੰਘ ਜੀਰਾ ਆਦਿ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਿਰ ਸੀ। Author: Malout Live