ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ’ਤੇ ਜੱਥੇਦਾਰ ਖੁੱਡੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ ਅਤੇ ਰੱਖੀ ਇਹ ਮੰਗ
ਮਲੋਟ (ਲੰਬੀ): ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਨੂੰ ਦੂਸਰਾ ਕੈਬਨਿਟ ਮੰਤਰੀ ਮਿਲਣ ਕਰਕੇ ਜ਼ਿਲ੍ਹੇ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਖਾਸ ਕਰਕੇ ਸਾਲਾਂ ਤੋਂ ਲਟਕਦੀ ਆ ਰਹੀ ਮਲੋਟ-ਸ਼੍ਰੀ ਮੁਕਤਸਰ ਸਾਹਿਬ ਸੜਕ ਦੇ ਨਵ-ਨਿਰਮਾਣ ਦੀ ਮੰਗ ਪੂਰੀ ਹੋਣ ਦੀ ਉਮੀਦ ਜਾਗੀ ਹੈ। ਜ਼ਿਕਰਯੋਗ ਹੈ ਕਿ ਲੰਬੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਸਰਕਾਰ ਵੱਲੋਂ ਬੀਤੇ ਦਿਨੀਂ ਕੈਬਨਿਟ ਮੰਤਰੀ ਦਾ ਅਹੁਦਾ ਦੇ ਕੇ ਮਾਣ ਬਖਸ਼ਿਆ ਤੇ ਪਿੰਡ ਪੁੱਜੇ ਜੱਥੇਦਾਰ ਖੁੱਡੀਆਂ ਨੂੰ ਸ਼ੁੱਭਕਾਮਨਾਵਾਂ ਦੇਣ ਵਾਲਿਆਂ ਦਾ ਤਾਂਤਾਂ ਲੱਗਿਆ ਹੋਇਆ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਲੋਕ ਆਪੋ-ਆਪਣੇ ਹਲਕਿਆਂ ਦੀਆਂ ਮੁਸ਼ਕਿਲਾਂ ਲੈ ਕੇ ਜੱਥੇਦਾਰ ਖੁੱਡੀਆਂ ਨੂੰ ਮਿਲਣ ਪਹੁੰਚ ਰਹੇ ਹਨ ਨਾਲ ਕੈਬਨਿਟ ਮੰਤਰੀ ਬਣਨ ਤੇ ਵਧਾਈ ਦੇ ਰਹੇ ਹਨ। ਇਸੇ ਤਹਿਤ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ’ਚ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਮਿਲਣ ’ਤੇ ਵਧਾਈ ਦਿੱਤੀ ਅਤੇ ਗੁਲਦਸਤਾ ਭੇਂਟ ਕਰਕੇ ਅਤੇ ਸਿਰੋਪਾਓ ਬਖਸ਼ਿਸ਼ ਕਰਕੇ ਜੱਥੇਦਾਰ ਖੁੱਡੀਆਂ ਦਾ ਸਵਾਗਤ ਕੀਤਾ ਹੈ। ਇਸ ਮੌਕੇ ਸਮਾਜ ਸੇਵੀਆਂ ਵਲੋਂ ਜੱਥੇਦਾਰ ਖੁੱਡੀਆਂ ਦੇ ਧਿਆਨ ਹਿੱਤ ਲਿਆਂਦਾ ਕਿ ਮਲੋਟ-ਸ਼੍ਰੀ ਮੁਕਤਸਰ ਸਾਹਿਬ ਸੜਕ ਜੋ ਬੇਹੱਦ ਖਸਤਾ ਹਾਲਤ ਹੋ ਚੁੱਕੀ ਹੈ ਅਤੇ
ਰੋਜ਼ਾਨਾ ਹੀ ਹਾਦਸਿਆਂ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੇ ਨਵ-ਨਿਰਮਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ, ਇਸ ਤੋਂ ਇਲਾਵਾ ਮਲੋਟ ਦਾ ਸਰਕਾਰੀ ਬੱਸ ਅੱਡਾ ਬਨਾਉਣ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਨੇ ਡਾ. ਗਿੱਲ ਅਤੇ ਸਮਾਜ ਸੇਵੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਸੜਕ ਦਾ ਨਿਰਮਾਣ ਜਲਦ ਕਰਵਾਇਆ ਜਾਵੇਗਾ, ਕਿਉਂਕਿ ਇਹ ਜਿਲ੍ਹੇ ਦੀ ਸਭ ਤੋਂ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਦੀਆਂ ਮੁਸ਼ਕਿਲਾਂ ਸੰਬੰਧੀ ਭਲੀਭਾਂਤ ਜਾਣੂੰ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਕ ਇਕ ਮੰਗ ਜੋ ਲੋਕ ਹਿੱਤ ਹੈ ਉਹ ਪਹਿਲ ਦੇ ਅਧਾਰ ’ਤੇ ਅਧਾਰ ’ਤੇ ਕੀਤੀ ਜਾਵੇਗੀ। ਇਸ ਮੌਕੇ ਧੀਰਾ ਸਿੰਘ ਖੁੱਡੀਆਂ ਸੀਨੀਅਰ ਆਪ ਆਗੂ, ਡਾ. ਸੁਖਦੇਵ ਸਿੰਘ ਗਿੱਲ, ਪ੍ਰਧਾਨ ਖੇਤਾ ਸਿੰਘ ਬਰਾੜ, ਪ੍ਰਧਾਨ ਹਰਸ਼ਨਰ ਸਿੰਘ ਰਾਜਪਾਲ, ਪ੍ਰਧਾਨ ਜਰਨੈਲ ਸਿੰਘ ਢਿੱਲੋਂ ਐੱਨ.ਆਰ.ਆਈ, ਪ੍ਰਧਾਨ ਗੁਰਦੇਵ ਸਿੰਘ ਬਲੋਚਕੇਰਾ, ਪ੍ਰਧਾਨ ਮੋਹਰ ਸਿੰਘ ਬਾਠ, ਪ੍ਰਧਾਨ ਗੁਰਚਰਨ ਸਿੰਘ ਸੋਨੀ, ਮਾਸਟਰ ਹਰਜਿੰਦਰ ਸਿੰਘ, ਸੁਰਜੀਤ ਸਿੰਘ, ਬੋਘਾ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ ਗਿੱਲ, ਸੁਖਦੇਵ ਸਿੰਘ ਪਟਵਾਰੀ, ਸਰੂਪ ਸਿੰਘ, ਹਰਦਿਆਲ ਸਿੰਘ, ਰਛਪਾਲ ਸਿੰਘ ਸਾਬਕਾ ਚੇਅਰਮੈਨ, ਲੱਖਾ ਸਿੰਘ ਪ੍ਰਧਾਨ ਅਤੇ ਸਮਾਜ ਸੇਵੀ ਹਾਜ਼ਰ ਸਨ। Author: Malout Live