ਪੰਜਾਬ ਦੇ ਮੁੱਖ ਮੰਤਰੀ ਦੇ 26 ਜਨਵਰੀ ਨੂੰ ਘਿਰਾਓ ਲਈ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਅੇੈਸੋਸੀਏਸ਼ਨ ਵੱਲੋਂ ਕੀਤੀ ਗਈ ਸੂਬਾ ਪੱਧਰੀ ਅਹਿਮ ਮੀਟਿੰਗ

ਮਲੋਟ (ਬਠਿੰਡਾ, ਪੰਜਾਬ): ਸਿਹਤ ਵਿਭਾਗ ਦੀ ਪ੍ਰਮੁੱਖ ਜੱਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਅੇਸੋਸੀਏਸਨ ਰਜਿ. ਵੱਲੋਂ ਆਪਣੀਆਂ ਮੰਗਾਂ ਪ੍ਰਤੀ ਅਵੇਸਲਾਪਣ ਦਿਖਾਉਦੇਂ ਵਤੀਰੇ ਤੋਂ ਨਰਾਜ ਹੋ ਕੇ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੀ ਰਣਨੀਤੀ ਉਲੀਕਣ ਲਈ 21 ਜਨਵਰੀ ਨੂੰ ਲੁਧਿਆਣਾ ਦੇ ਕਿਸਾਨ ਭਵਨ ਵਿਖੇ ਭਰਵੀਂ ਇਕੱਤਰਤਾ ਹੋਈ। ਜਿਸ ਵਿੱਚ ਪੰਜਾਬ ਭਰ ਦੇ ਅਹੁਦੇਦਾਰ ਅਤੇ ਸੀਨੀਅਰ ਮੈਂਬਰ ਵੀ ਮੌਜੂਦ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਕਿਹਾ ਕਿ ਸਿਹਤ ਸਹੂਲਤਾਂ ਅਤੇ ਬੀਮਾ ਅਦਿ ਮੁੱਢਲੀਆਂ ਸਹੂਲਤਾਂ ਲਈ ਹਾਮੀ ਭਰਨ ਦੇ ਬਾਵਜੂਦ ਦੋ ਸਾਲ ਤੋਂ ਕੋਈ ਕਾਰਵਾਈ ਨਹੀਂ ਹੋਈ।

ਜਿਸ ਕਾਰਨ ਸਰਕਾਰ ਪ੍ਰਤੀ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਕਰਮਚਾਰੀ 26 ਜਨਵਰੀ ਨੂੰ ਰੋਸ ਪ੍ਰਗਟ ਕਰਨ ਲਈ ਪੂਰੇ ਪੰਜਾਬ ਭਰ ਤੋਂ ਲੁਧਿਆਣਾ ਪਹੁੰਚਣਗੇ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜੇਕਰ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਮੀਟਿੰਗ ਨੂੰ ਧੀਰਜ ਕੁਮਾਰੀ ਜਲੰਧਰ, ਗਗਨਪ੍ਰੀਤ ਸਿੰਘ ਰੋਪੜ, ਅਮਨਦੀਪ ਸਿੰਘ ਮੁਕੇਰੀਆਂ, ਪਵਨਜੀਤ ਸਿੰਘ ਗੁਰਦਾਸਪੁਰ, ਸੁਮਨ ਪਠਾਨਕੋਟ, ਹਰਮਿੰਦਰ ਸਿੰਘ ਮੋਹਾਲੀ, ਗੁਰਵਿੰਦਰ ਸਿੰਘ ਪਟਿਆਲਾ, ਮੁਨੀਸ ਮੰਡੀ ਗੋਬਿੰਦਗੜ੍ਹ, ਸੰਦੀਪ ਸਿੰਘ ਬਰਨਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ 26 ਜਨਵਰੀ ਨੂੰ ਪੂਰੇ ਪੰਜਾਬ ਤੋਂ ਪਰਿਵਾਰਿਕ ਮੈਂਬਰਾਂ ਸਮੇਤ ਕਾਲੀਆਂ ਝੰਡੀਆਂ ਨਾਲ ਮੁੱਖ ਮੰਤਰੀ ਦਾ ਵਿਰੋਧ ਕਰਨ ਦਾ ਅਹਿਦ ਲਿਆ। Author: Malout Live