ਆਜ਼ਾਦੀ ਦਿਵਸ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲਾਕ ਪੱਧਰੀ ਸਕਿੱਟ ਮੁਕਾਬਲੇ ਕਰਵਾਏ
ਮਲੋਟ:- ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਲਡ਼ਕੀਆਂ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਸ਼ਖ਼ਸੀਅਤ ਦਾ ਵਿਕਾਸ ਕਰਨ ਲਈ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਦਿਆਂ ਹੋਇਆਂ ਬਲਾਕ ਪੱਧਰੀ ਸਕਿੱਟ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਭਾਗ ਲਿਆ। ਇਨ੍ਹਾਂ ਸਕਿੱਟ ਮੁਕਾਬਲਿਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਅਤੇ ਮਿਡਲ ਵਿੰਗ ਤੱਕ ਅੱਠਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ ਹੈ ਅਤੇ ਸੈਕੰਡਰੀ ਵਿੰਗ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਨ੍ਹਾਂ ਮੁਕਾਬਲਿਆਂ ਵਿੱਚ ਮਿਡਲ ਵਿੰਗ ਵਿੱਚੋਂ ਪਹਿਲਾ ਸਥਾਨ ਸ.ਸੀ.ਸੈ. ਸਕੂਲ ਪੱਕੀ ਟਿੱਬੀ, ਦੂਜਾ ਸਥਾਨ ਸ.ਸੀ.ਸੈ. ਸਕੂਲ ਝੋਰੜ ਖੇੜਾ, ਤੀਜਾ ਸਥਾਨ ਸ.ਸੀ.ਸੈ. ਸਕੂਲ ਮਹਿਮੂਦ ਖੇੜਾ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ। ਸੈਕੰਡਰੀ ਵਿੰਗ ਵਿੱਚੋਂ ਪਹਿਲਾ ਸਥਾਨ ਸ.ਸੀ.ਸੈ. ਸਕੂਲ ਭੁਲੇਰੀਆਂ, ਦੂਜਾ ਸਥਾਨ ਸ.ਸੀ.ਸੈ. ਸਕੂਲ ਛਾਪਿਆਂਵਾਲੀ ਅਤੇ ਤੀਜਾ ਸਥਾਨ ਸ.ਸੀ.ਸੈ. ਸਕੂਲ ਆਲਮਵਾਲਾ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ। ਬਲਾਕ ਪੱਧਰੀ ਸਕਿੱਟ ਮੁਕਾਬਲਿਆਂ ਦੀ ਜੱਜਮੈਂਟ ਦੀ ਭੂਮਿਕਾ ਸ਼੍ਰੀ ਹਰਜੀਤ ਸਿੰਘ ਮਧੀਰ, ਮਮਤਾ ਗੌਰ ਚੋਟੀਆਂ, ਅਤੇ ਮਨਵੀਰ ਕੌਰ ਨੇ ਨਿਭਾਉਂਦਿਆਂ ਹੋਇਆਂ ਵਿਦਿਆਰਥੀਆਂ ਨੂੰ ਰੰਗਮੰਚ ਦੇ ਗੁਰ ਅਤੇ ਕਮੀਆਂ ਬਰੀਕੀ ਨਾਲ ਸਮਝਾਈਆਂ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਇਨ੍ਹਾਂ ਗਲਤੀਆਂ ਤੋਂ ਬਚਣ ਦੀ ਪ੍ਰੇਰਨਾ ਦਿੰਦਿਆਂ ਹੋਇਆਂ ਆਪਣੇ ਆਪ ਵਿੱਚ ਹੋਰ ਨਿਖਾਰ ਲਿਆ ਕੇ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਬਣਨ ਲਈ ਕਿਹਾ। Author: Malout Live