ਹਰ ਸਕੂਲ ਵਿੱਚ ਬਾਲ ਸੁਰੱਖਿਆ ਲਈ ਇਕ ਨੋਡਲ ਅਧਿਆਪਕ ਨਿਯੁਕਤ- ਵਧੀਕ ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ :- ਜਿਲਾ ਬਾਲ ਸੁਰੱਖਿਆ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤਿ੍ਰਪਾਠੀ ਦੀ ਪ੍ਰਧਾਨਗੀ ਹੇਠ ਹੋਈ । ਇਸ ਵਿੱਚ ਜਿਲਾ ਬਾਲ ਸੁਰੱਖਿਆ ਅਫਸਰ, ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ ਵਿੱਚ ਹੀ ਬੰਦ ਹਨ ਅਤੇ ਬੱਚਿਆਂ ਨਾਲ ਸਰੀਰਕ ਸ਼ੋਸ਼ਣ, ਮਾਨਸਿਕ ਸ਼ੋਸ਼ਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ । ਇਸ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੀ ਲੋੜ ਹੈ ।ਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਦਿੱਤੇ ਗਏ ਕਿ ਹਰ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ ਜੋ ਕਿ ਛੋਟੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਮਹੀਨੇ ਵਿੱਚ ਘੱਟੋ-ਘੱਟ ਇੱਕ ਕਲਾਸ ਜਰੂਰ ਲਗਾਵੇਗਾ ਅਤੇ ਇਸ ਦੀ ਰਿਪੋਰਟ ਜਿਲਾ ਬਾਲ ਸੁਰੱਖਿਆ ਅਫਸਰ ਨੂੰ ਭੇਜਣੀ ਲਾਜਮੀ ਹੋਵੇਗੀ ।
ਜਿਲਾ ਬਾਲ ਸੁਰੱਖਿਆ ਅਫਸਰ ਇਹਨਾਂ ਨੋਡਲ ਅਫਸਰਾਂ ਦੀ ਇੱਕ ਆੱਨਲਾਈਨ ਟ੍ਰੇਨਿੰਗ ਕਰਵਾਉਣਗੇ ਤਾਂ ਜੋ ਬੱਚਿਆਂ ਦੀ ਸੁਰੱਖਿਆ ਸਬੰਧੀ ਹਰ ਨੋਡਲ ਅਧਿਆਪਕ ਨੂੰ ਜਾਗਰੂਕ ਕੀਤਾ ਜਾ ਸਕੇ ।ਉੁਨਾਂ ਹਰ ਮਹਿਕਮੇ ਨੂੰ ਆਦੇਸ਼ ਦਿੱਤੇ ਕਿ ਜੁਵੇਨਾਇਲ ਜਸਟਿਸ ਐਕਟ ਅਤੇ ਪੋਕਸੋ ਐਕਟ ਸਬੰਧੀ ਆਪਣੇ- ਆਪਣੇ ਕੰਮਾਂ ਦਾ ਨਿਰਵਾਹ ਚੰਗੀ ਤਰਾਂ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਸਕੇ । ਇਸ ਮੀਟਿੰਗ ਵਿੱਚ ਉਪ-ਸਿੱਖਿਆ ਅਫਸਰ ਸ੍ਰੀ ਕਪਿਲ ਸ਼ਰਮਾ ਕੇਵਲ ਸਿੰਘ, ਇੰਸਪੈਕਟਰ, ਡਾ. ਮੁਕੇਸ਼ ਬਾਂਸਲ, ਚੇਅਰਮੈਨ ਬਾਲ ਭਲਾਈ ਕਮੇਟੀ, ਮਨਜੀਤ ਕੌਰ ਬੇਦੀ, ਮੈਂਬਰ ਬਾਲ ਭਲਾਈ ਕਮੇਟੀ, ਮੋਹਿੰਦਰ ਸਿੰਘ ਬੇਦੀ, ਮੈਂਬਰ ਬਾਲ ਭਲਾਈ ਕਮੇਟੀ ਵੀ ਸ਼ਾਮਿਲ ਸਨ।