ਈ-ਐਪਿਕ ਡਾਊਨਲੋਡ ਕਰਵਾਉਣ ਲਈ 6 ਅਤੇ 07 ਮਾਰਚ ਨੂੰ ਲਗਾਇਆ ਜਾ ਰਿਹਾ ਹੈ ਵਿਸ਼ੇਸ਼ ਕੈਂਪ

ਸ੍ਰੀ ਮੁਕਤਸਰ ਸਾਹਿਬ :- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ ਮਿਤੀ ਪਹਿਲੀ ਜਨਵਰੀ 2021 ਦੇ ਆਧਾਰ ਤੇ ਨਵੇਂ ਬਣੇ ਵੋਟਰਾਂ ਨੂੰ ਆਪਣੇ ਵੋਟ ਨਾਲ ਸਬੰਧਿਤ ਸੇਵਾ ਲੈਣ ਦੀ ਪ੍ਰਣਾਲੀ ਨੂੰ ਹੋਰ ਡਿਜ਼ੀਟਲ ਰੂਪ ਦਿੰਦਿਆਂ ਈ-ਐਪਿਕ ਕਾਰਡ ਦੀ ਸਹੂਲਤਾ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਚਾਂਦ ਪ੍ਰਕਾਸ਼, ਚੋਣ ਤਹਿਸੀਲਦਾਰ ਨੇ ਦੱਸਿਆ ਕਿ ਵੋਟਰ, ਈ-ਐਪਿਕ ਨੂੰ ਆਪਣੇ ਮੋਬਾਇਲ ਫੋਨ ਵਿੱਚ ਡਾਊਨਲੋਡ ਕਰਕੇ ਰੱਖ ਸਕਦਾ ਹੈ ਤਾਂ ਜੋ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਵੋਟਰ ਇਸ ਡਿਜੀਟਲ ਕਾਰਡ ਦਾ ਪ੍ਰਿੰਟ ਵੀ ਕਢਵਾ ਸਕਦੇ ਹਨ।   ਚੋਣ ਤਹਿਸੀਲਦਾਰ ਨੇ ਅੱਗੇ ਦੱਸਿਆ ਕਿ ਆਮ ਲੋਕਾਂ ਦੀ ਸੁਵਿਧਾ ਲਈ ਈ-ਐਪਿਕ ਡਾਊਨਲੋਡ ਕਰਵਾਉਣ ਲਈ 6 ਮਾਰਚ 2021 ਅਤੇ 07 ਮਾਰਚ 2021 (ਦਿਨ ਸ਼ਨੀਵਾਰ ਅਤੇ ਐਤਵਾਰ) ਨੂੰ ਬੂਥ ਲੈਵਲ ਅਫਸਰ ਵੱਲੋਂ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।  ਇਹਨਾਂ ਵਿਸ਼ੇਸ਼ ਕੈਂਪਾਂ ਦੌਰਾਨ ਸਮੂਹ ਬੀ.ਐੱਲ.ਓਜ਼. ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠ ਕੇ ਨਵੇਂ ਰਜਿਸਟਰਡ ਹੋਏ ਵੋਟਰਾਂ ਦੇ ਵੋਟਰ ਕਾਰਡ ਡਾਊਨਲੋਡ ਕਰਵਾਉਣਗੇ। ਉਹਨਾਂ ਨੇ ਸਮੂਹ ਨਵੇਂ ਬਣੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੇ ਹਾਲੇ ਤੱਕ ਆਪਣਾ ਈ-ਐਪਿਕ ਡਾਊਨਲੋਡ ਨਹੀਂ ਕੀਤਾ ਤਾਂ ਉਹ 6 ਅਤੇ 7 ਮਾਰਚ ਨੂੰ ਸਬੰਧਿਤ ਬੀ.ਐੱਲ.ਓ ਤੋਂ ਆਪਣਾ ਈ-ਐਪਿਕ ਡਾਊਨਲੋਡ ਕਰਵਾ ਲੈਣ।  ਇਸ ਤੋਂ ਇਲਾਵਾ ਈ-ਐਪਿਕ ਡਾਊਨਲੋਡ ਕਰਨ ਸਬੰਧੀ ਜਾਂ ਵੋਟ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।