ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦਾ ਐੱਨ.ਐੱਸ.ਐੱਸ ਕੈਂਪ ਸੰਪੰਨ
ਮਲੋਟ:- ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੁਆਰਾ 7 ਰੋਜ਼ਾ ਐੱਨ.ਐੱਸ.ਐੱਸ ਕੈਂਪ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ। ਪਿੰਡ ਕੁਰਾਈਵਾਲਾ ਤੋਂ ਐੱਨ.ਐੱਸ.ਐੱਸ ਇੰਚਾਰਜ ਪ੍ਰੋ. ਰਮਨਦੀਪ ਕੌਰ ਅਤੇ ਪ੍ਰੋ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਆਰੰਭ ਹੋਇਆ 7 ਰੋਜ਼ਾ ਐੱਨ.ਐੱਸ.ਐੱਸ ਕੈਂਪ ਪਿੰਡ ਮਲੋਟ, ਆਲਮਵਾਲਾ, ਸਰਾਵਾਂ ਬੋਦਲਾਂ, ਅਬੁੱਲਖੁਰਾਣਾ, ਝੋਰੜ, ਕੱਟਿਆਂਵਾਲੀ, ਕਬਰਵਾਲਾ ਦੇ ਸਕੂਲਾਂ ਵਿੱਚ ਲੱਗਿਆ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਨੁਸ਼ਾਸ਼ਨਬੱਧ ਹੋ ਕੇ 'ਮੈਂ ਨਹੀਂ ਤੁਸੀਂ' ਥੀਮ ਨੂੰ ਲੈ ਕੇ ਚੱਲਣਾ ਹੀ ਐੱਨ.ਐੱਸ.ਐੱਸ ਦਾ ਆਸ਼ਾ ਹੁੰਦਾ ਹੈ ਤੇ ਇਸੇ ਆਸ਼ੇ ਨੂੰ ਲੈ ਕੇ ਹੀ ਅਸੀਂ ਚੱਲੇ ਹਾਂ। ਉਹਨਾਂ ਕਿਹਾ ਕਿ ਅਜਿਹੇ ਕੈਂਪ ਸਾਡੇ ਅੰਦਰ ਸਮਾਜ ਸੇਵਾ ਦੀ ਭਾਵਨਾ ਨੂੰ ਪ੍ਰਬਲ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਸਮਾਜਿਕ ਕਾਰਜਾਂ ਵੱਲ ਵੀ ਪ੍ਰੇਰਿਤ ਕਰਦੇ ਹਨ।
ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਪ੍ਰੋ. ਰਮਨਦੀਪ ਕੌਰ ਨੇ ਦੱਸਿਆ ਕਿ ਇਹ 7 ਰੋਜ਼ਾ ਕੈਂਪ ਅਲੱਗ-ਅਲੱਗ ਸਕੂਲਾਂ ਵਿੱਚ ਲਗਾਇਆ ਗਿਆ ਤਾਂ ਜੋ ਵੱਧ ਤੋਂ ਵੱਧ ਸਕੂਲ ਇਸ ਕੈਂਪ ਦਾ ਲਾਭ ਲੈ ਸਕਣ ਅਤੇ ਵਲੰਟੀਅਰ ਵੱਖੋ ਵੱਖਰੀਆਂ ਪ੍ਰਸਥਿਤੀਆਂ ਅਨੁਸਾਰ ਖ਼ੁਦ ਨੂੰ ਢਾਲਣਾ ਸਿੱਖ ਸਕਣ, ਉਹਨਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਅਨੁਸ਼ਾਸ਼ਨਬੱਧਤਾ ਦਾ ਸਬੂਤ ਦਿੱਤਾ। ਆਖ਼ਰੀ ਦਿਨ ਵਿਦਿਆਰਥੀਆਂ ਨੂੰ ਬਠਿੰਡਾ ਦੇ ਕਿਲ੍ਹਾ, ਅਤੇ ਰੋਜ਼ ਗਾਰਡਨ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਬਲਵੰਤ ਗਾਰਗੀ ਓਪਨ ਏਅਰ ਥੀਏਟਰ ਵਿਖਾਇਆ ਗਿਆ ਤੇ ਥੀਏਟਰ ਨਾਲ ਸੰਬੰਧਿਤ ਜ਼ਰੂਰੀ ਨੁਕਤੇ ਵੀ ਦੱਸੇ ਗਏ। ਇਸ ਮੌਕੇ ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਸ. ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਸ. ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਸ. ਪ੍ਰਿਤਪਾਲ ਸਿੰਘ ਗਿੱਲ, ਖਜਾਨਚੀ ਸ. ਦਲਜਿੰਦਰ ਸਿੰਘ ਸੰਧੂ ਨੇ ਕੈਂਪ ਇੰਚਾਰਜ ਪ੍ਰੋ. ਰਮਨਦੀਪ ਕੌਰ , ਪ੍ਰੋ. ਗੁਰਪ੍ਰੀਤ ਸਿੰਘ ਅਤੇ ਵਿਦਿਆਰਥੀਆਂ ਨੂੰ ਇਸ ਕੈਂਪ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ।